ਬਿਲਾਸਪੁਰ: ਸ਼੍ਰੀ ਨੈਣਾ ਦੇਵੀ ਦੇ ਨਾਲ ਲੱਗਦੇ ਪਿੰਡ ਮੰਡਿਆਲੀ 'ਚ ਇੱਕ ਨਿਹੰਗ ਵਲੋਂ ਦੋ ਵਿਅਕਤੀਆਂ 'ਤੇ ਜਾਨਲੇਵਾ ਹਮਲਾ ਕੀਤਾ ਗਿਆ। ਜਾਣਕਾਰੀ ਅਨੁਸਾਰ ਇੱਕ ਨਿਹੰਗ ਮੰਡਿਆਲੀ ਪਿੰਡ 'ਚ ਨੈਣਾ ਦੇਵੀ ਕੋਲਾ ਵਾਲਾ ਟੋਬਾ ਰੋਡ 'ਤੇ ਜਾ ਰਿਹਾ ਸੀ। ਉਸ ਨੇ ਸੜਕ 'ਤੇ ਆ ਰਹੇ ਮੰਡਿਆਲੀ ਪਿੰਡ ਦੇ ਵਸਨੀਕ ਬਲਬੀਰ ਨੂੰ ਆਪਣੇ ਮੋਟਰ ਸਾਈਕਲ 'ਤੇ ਬਿਠਾਉਣ ਲਈ ਕਿਹਾ। ਬਲਬੀਰ ਨੇ ਇਸ ਨੂੰ ਬਿਠਾਉਣ ਤੋਂ ਇਨਕਾਰ ਕਰ ਦਿੱਤਾ। ਜਿਸ ਕਰਕੇ ਨਿਹੰਗ ਨੇ ਉਸ 'ਤੇ ਹਮਲਾ ਕਰ ਦਿੱਤਾ। 

 

ਪਹਿਲਾਂ ਉਸ ਨੇ ਆਪਣੀ ਤਲਵਾਰ ਹਵਾ 'ਚ ਲਹਿਰਾਈ। ਫਿਰ ਅਚਾਨਕ ਉਸ ਨੇ ਬਲਬੀਰ 'ਤੇ ਹਮਲਾ ਕਰ ਦਿੱਤਾ। ਨਤੀਜੇ ਵਜੋਂ ਉਸ ਦੇ ਸੱਜੇ ਹੱਥ ਦੀਆਂ ਚਾਰ ਉਂਗਲੀਆਂ ਕੱਟੀਆਂ ਗਈਆਂ। ਉਥੇ ਖੜ੍ਹਾ ਦੂਸਰਾ ਆਦਮੀ ਨਿਹੰਗ ਨੂੰ ਫੜਨ ਦੀ ਕੋਸ਼ਿਸ਼ ਕੀਤੀ। ਤਾਂ ਉਸ ਨੇ ਉਸ ਦੇ ਸਿਰ 'ਤੇ ਹਮਲਾ ਕਰ ਦਿੱਤਾ ਤੇ ਉਥੋਂ ਜੰਗਲ ਵੱਲ ਨੂੰ ਫਰਾਰ ਹੋ ਗਿਆ। ਫਿਰ ਸਾਰੇ ਪਿੰਡ ਵਿੱਚ ਇਸ ਬਾਰੇ ਖ਼ਬਰ ਫੈਲ ਗਈ। ਪਿੰਡ ਵਾਲਿਆਂ ਨੇ ਪੁਲਿਸ ਨਾਲ ਜੰਗਲ 'ਚੋਂ ਉਸ ਨੂੰ ਲੱਭ ਲਿਆ। 

 

ਬਾਅਦ 'ਚ ਉਸ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ। ਦੋਵੇਂ ਜ਼ਖਮੀਆਂ ਦਾ ਇਲਾਜ ਨੈਣਾ ਦੇਵੀ ਦੇ ਸਿਵਲ ਹਸਪਤਾਲ ਵਿਖੇ ਕੀਤਾ ਗਿਆ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਆਨੰਦਪੁਰ ਰੈਫ਼ਰ ਕਰ ਦਿੱਤਾ ਗਿਆ। ਨੈਣਾ ਦੇਵੀ ਹਸਪਤਾਲ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਦੋਵੇਂ ਖਤਰੇ ਤੋਂ ਬਾਹਰ ਹਨ। ਬਲਬੀਰ ਦੀਆਂ ਚਾਰ ਉਂਗਲੀਆਂ ਕੱਟੀਆਂ ਗਈਆਂ ਹਨ। ਜਦਕਿ ਧਨੀ ਰਾਮ ਦੇ ਸਿਰ 'ਤੇ ਸੱਟ ਲੱਗੀ ਹੈ। ਉਸ ਦੇ ਟਾਂਕੇ ਲਗਾਏ ਹੋਏ ਹਨ। 

 

ਦੋਵੇਂ ਖਤਰੇ ਤੋਂ ਬਾਹਰ ਹਨ। ਪੁਲਿਸ ਨੇ ਨਿਹੰਗ ਨੂੰ ਗ੍ਰਿਫਤਾਰ ਕਰ ਲਿਆ ਹੈ। ਅਜੇ ਉਸ ਦੀ ਪਛਾਣ ਨਹੀਂ ਹੋ ਸਕੀ ਹੈ, ਪਰ ਨਿਹੰਗ ਆਪਣਾ ਨਾਮ ਤੇਜ ਸਿੰਘ ਦੱਸ ਰਿਹਾ ਹੈ। ਥਾਣਾ ਏਐਸਪੀ ਬਿਲਾਸਪੁਰ ਅਮਿਤ ਕੁਮਾਰ ਨੇ ਇਸ ਖ਼ਬਰ ਬਾਰੇ ਪੁਸ਼ਟੀ ਕਰਦਿਆਂ ਕਿਹਾ ਕਿ ਨਿਹੰਗ ਤੇਜ ਸਿੰਘ ਨੂੰ ਥਾਣਾ ਸਦਰ ਅਤੇ ਨੈਣਾ ਦੇਵੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ। ਉਸ ਖ਼ਿਲਾਫ਼ ਧਾਰਾ 307 ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅਜੇ ਉਸ ਦੀ ਪਹਿਚਾਣ ਨਹੀਂ ਹੋਈ ਹੈ। ਪੁਲਿਸ ਨੇ ਉਸ ਦੀ ਸ਼ਨਾਖਤ ਸ਼ੁਰੂ ਕਰ ਦਿੱਤੀ ਹੈ।