ਚੰਡੀਗੜ੍ਹ: ਮੁਹਾਲੀ ਨਗਰ ਨਿਗਮ ਚੋਣਾਂ 'ਚ ਵੀ ਬੀਜੇਪੀ ਤੇ ਅਕਾਲੀ ਦਲ ਦਾ ਸਫਾਇਆ ਹੋ ਗਿਆ ਹੈ। ਇੱਥੇ ਵੀ ਕਾਂਗਰਸ ਨੇ ਬਾਜ਼ੀ ਮਾਰ ਲਈ ਹੈ। ਮੁਹਾਲੀ ਨਗਰ ਨਿਗਮ ਦੇ 50 ਵਾਰਡਾਂ ਲਈ ਹੋਈਆਂ ਚੋਣਾਂ ਵਿੱਚੋਂ ਕਾਂਗਰਸ ਨੂੰ 37 ਤੇ ਆਜ਼ਾਦ ਉਮੀਦਵਾਰਾਂ ਨੂੰ 13 ਸੀਟਾਂ ਮਿਲੀਆਂ, ਜਦੋਂਕਿ ਆਮ ਆਦਮੀ ਪਾਰਟੀ ਨੇ ਚੋਣ ਨਹੀਂ ਲੜੀ ਸੀ।


 


ਆਮ ਆਦਮੀ ਪਾਰਟੀ ਨੇ ਬਿਨਾਂ ਸ਼ਰਤ ਆਜ਼ਾਦ ਗਰੁੱਪ ਨੂੰ ਸਮਰਥਨ ਦਿੱਤਾ ਸੀ। ਇੱਥੇ ਬਸਪਾ ਵੀ ਆਪਣਾ ਖਾਤਾ ਨਹੀਂ ਖੋਲ੍ਹ ਸਕੀ ਹੈ। ਮੁਹਾਲੀ ਦੇ 2 ਬੂਥਾਂ ਤੇ ਦੁਬਾਰਾ ਵੋਟਾਂ ਪੁਆਉਣ ਕਾਰਨ ਬੁੱਧਵਾਰ ਨੂੰ ਇੱਥੇ ਵੋਟਾਂ ਦੀ ਗਿਣਤੀ ਨਹੀਂ ਹੋਈ ਸੀ। ਇਸ ਲਈ ਮੁਹਾਲੀ ਵਿੱਚ ਵੋਟਾਂ ਗਿਣਤੀ ਹੋਈ ਹੈ।


 


ਦੱਸ ਦਈਏ ਕਿ ਪੰਜਾਬ ਦੀਆਂ 8 ਨਗਰ ਨਿਗਮਾਂ ਦੀਆਂ ਚੋਣਾਂ ਵਿੱਚ ਕਾਂਗਰਸ ਨੇ ਸੱਤ ਨਗਰ ਨਿਗਮਾਂ ਮੁਹਾਲੀ, ਅਬੋਹਰ, ਬਟਾਲਾ, ਕਪੂਰਥਲਾ, ਹੁਸ਼ਿਆਰਪੁਰ, ਪਠਾਨਕੋਟ ਤੇ ਬਠਿੰਡਾ ’ਤੇ ਕਬਜ਼ਾ ਕਰ ਲਿਆ ਹੈ। ਮੋਗਾ ਵਿੱਚ ਅਕਾਲੀ ਦਲ ਦੀਆਂ ਸੀਟਾਂ ਵੱਧ ਹਨ।