ਨਵੀਂ ਦਿੱਲੀ: ਕੀ ਤੁਸੀਂ ਇਸ ਵਰ੍ਹੇ ਸ਼ਾਕਾਹਾਰੀ ਹੋਣ ਦੀ ਯੋਜਨਾ ਉਲੀਕ ਰਹੇ ਹੋ। ‘ਸ਼ਾਕਾਹਾਰੀ ਮਾਸ’ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਹੈ। ਬਿਲਕੁਲ ਉਹੀ ਸੁਆਦ, ਬਨਾਵਟ ਤੇ ਖ਼ੁਸ਼ਬੋਅ; ਤੁਸੀਂ ਮਾਸ ਦੇ ਵਿਕਲਪ ਵਜੋਂ ਇਸ ‘ਸ਼ਾਕਾਹਾਰੀ ਮਾਸ’ ’ਚ ਤੁਹਾਨੂੰ ਮਿਲੇਗਾ।


ਤੁਸੀਂ ‘ਸ਼ਾਕਾਹਾਰੀ ਮਾਸ’ ਵੇਖ ਕੇ ਉਸ ਨੂੰ ਕਿਸੇ ਹਾਲਤ ਵਿੱਚ ਵੀ ਨਕਲੀ ਨਹੀਂ ਆਖ ਸਕੋਗੇ। ਇਸ ਨੂੰ ਤਿਆਰ ਕਰਨ ਲਈ ਪੌਦਿਆਂ ਤੋਂ ਮਿਲਣ ਵਾਲੀ ਪ੍ਰੋਟੀਨ, ਸੋਇਆ, ਆਲੂ ਦਾ ਪ੍ਰੋਟੀਨ, ਮਟਰ ਪ੍ਰੋਟੀਨ, ਮੂੰਗ ਬੀਨ ਪ੍ਰੋਟੀਨ ਤੇ ਇੱਥੋਂ ਤੱਕ ਕਿ ਚੌਲਾਂ ਦੀ ਪ੍ਰੋਟੀਨ ਪ੍ਰਕਿਰਿਆ ਵਿੱਚ ਵਰਤੋਂ ਕੀਤੀ ਜਾਂਦੀ ਹੈ। ਇਹ ਸਭ ਇਸ ਲਈ ਮਿਲਾਇਆ ਜਾਂਦਾ ਹੈ ਕਿ ਇਸ ‘ਸ਼ਾਕਾਹਾਰੀ ਮਾਸ ਨੂੰ ਚਬਾਉਂਦੇ ਸਮੇਂ ਤੁਹਾਨੂੰ ਅਸਲ ਵਰਗਾ ਰਸ ਮਿਲ ਸਕੇ।


ਸੋਇਆ ਦੀ ਬਨਾਵਟ ਬਿਲਕੁਲ ਚਿਕਨ ਵਰਗੀ ਹੁੰਦੀ ਹੈ। ਚਿਕਨ ਦਾ ਸੁਆਦ ਆਮ ਤੌਰ ਉੱਤੇ ਖ਼ਮੀਰ ਦੇ ਅਰਕ ਦੀ ਮਦਦ ਨਾਲ ਦਿੱਤਾ ਜਾਂਦਾ ਹੈ। ਚੁਕੰਦਰ ਦਾ ਅਰਕ ਮਾਸ ਵਰਗਾ ਰੰਗ ਦੇਣ ਲਈ ਵਰਤਿਆ ਜਾਂਦਾ ਹੈ। ਨਾਰੀਅਲ, ਸੂਰਜਮੁਖੀ ਦਾ ਤੇਲ ਮਾਸ ਦੇ ਵਿਕਲਪ ਦਾ ਫ਼ੈਟ ਸਰੋਤ ਮੁਹੱਈਆ ਕਰਦੇ ਹਨ। ਸ਼ਾਕਾਹਾਰੀ ਵਿਕਲਪ ਸੋਡੀਅਮ ਤੇ ਕੋਲੈਸਟ੍ਰੌਲ ਲੈਵਲ ਨੂੰ ਘੱਟ ਕਰ ਕੇ ਉਸ ਨੂੰ ਵਧੇਰੇ ਤੰਦਰੁਸਤ ਬਣਾਉਂਦੇ ਹਨ।


‘ਸ਼ਾਕਾਹਾਰੀ ਮਾਸ’ ਸੱਚਮੁਚ ਇੱਕ ਇਨਕਲਾਬੀ ਖੋਜ ਹੈ। ਸਾਲ 2008 ’ਚ ਸ਼ੁਰੂ ਹੋਇਆ ਦਿੱਲੀ ਦਾ ‘ਅਹਿੰਸਾ ਫ਼ੂਡ’ ਫ਼੍ਰੋਜ਼ਨ ਫ਼ੂਡ ਬ੍ਰਾਂਡ ਹੈ। ਇਹ ਚਿਕਨ, ਹੌਟ ਡੌਗ, ਮਟਨ, ਮੱਛੀ ਤੇ ਇੱਥੋਂ ਤੱਕ ਕਿ ਨਵਾਬੀ ਕਵਾਬ ਦਾ ਸ਼ਾਕਾਹਾਰੀ ਬਦਲ ਦਿੰਦਾ ਹੈ।