ਨਵੀਂ ਦਿੱਲੀ: ਇੱਕ ਪਾਸੇ ਜਿੱਥੇ ਭਾਰਤ ਤੇ ਨੇਪਾਲ ਵਿਚਾਲੇ ਸਰਹੱਦੀ ਵਿਵਾਦ ਗਹਿਰਾ ਹੁੰਦਾ ਜਾ ਰਿਹਾ ਹੈ, ਉੱਥੇ ਦੂਜੇ ਪਾਸੇ ਚੀਨ ਨਾਲ ਵੀ ਸਰਹੱਦੀ ਵਿਵਾਦ ਵੱਧਦਾ ਜਾ ਰਿਹਾ ਹੈ। ਹੁਣ ਤੱਕ ਭਾਰਤ ਦਾ ਪਾਕਿਸਤਾਨ ਨਾਲ ਟਕਰਾਅ ਸੀ, ਜੋ ਅੱਤਵਾਦ ਨੂੰ ਪਨਾਹ ਦਿੰਦਾ ਹੈ। ਇਸ ਦੇ ਨਾਲ ਹੀ ਪਾਕਿਸਤਾਨ, ਨੇਪਾਲ ਤੇ ਚੀਨ ਨਾਲ ਸਥਿਤੀ ਤਣਾਅਪੂਰਨ ਹੈ।


ਭਾਰਤ ਤੇ ਨੇਪਾਲ ਵਿਚਾਲੇ ਵੀ ਚੱਲ ਰਿਹਾ ਤਣਾਅ:

ਪਿਛਲੇ ਹਫਤੇ ਬਿਹਾਰ ਦੀ ਸਰਹੱਦ ਤੋਂ ਭਾਰਤ ਤੇ ਨੇਪਾਲ ਦਰਮਿਆਨ ਤਣਾਅ ਦੀ ਖ਼ਬਰ ਸਾਹਮਣੇ ਆਈ ਸੀ। ਦਰਅਸਲ, ਨੇਪਾਲ ਪੁਲਿਸ ਵੱਲੋਂ ਬਿਹਾਰ ਦੀ ਸੋਨਬਰਸਾ ਸਰਹੱਦ 'ਤੇ ਭਾਰਤ-ਨੇਪਾਲ ਸਰਹੱਦ ‘ਤੇ ਫਾਇਰਿੰਗ ਕੀਤੀ ਗਈ ਸੀ। ਇਸ ਫਾਇਰਿੰਗ ‘ਚ ਚਾਰ ਭਾਰਤੀਆਂ ਨੂੰ ਗੋਲੀ ਮਾਰ ਦਿੱਤੀ ਗਈ ਸੀ, ਜਿਸ ‘ਚ ਇੱਕ ਵਿਅਕਤੀ ਦੀ ਵੀ ਮੌਤ ਹੋ ਗਈ ਸੀ। ਇਸ ਘਟਨਾ ਤੋਂ ਬਾਅਦ ਤੋਂ ਹੀ ਭਾਰਤ-ਨੇਪਾਲ ਸਰਹੱਦ ‘ਤੇ ਤਣਾਅ ਦੀ ਸਥਿਤੀ ਬਣੀ ਹੋਈ ਹੈ। ਹਾਲਾਂਕਿ, ਇਹ ਸਰਹੱਦੀ ਵਿਵਾਦ ਦਾ ਮਾਮਲਾ ਨਹੀਂ ਸੀ, ਪਰ ਸਰਹੱਦੀ ਖੇਤਰ ਵਿੱਚ ਲੋਕ ਡਰੇ ਹੋਏ ਹਨ।




ਇਸ ਕਾਰਨ ਨੇਪਾਲ ਨਾਲ ਪੈਦਾ ਹੋਇਆ ਤਣਾਅ:

ਮਹੱਤਵਪੂਰਨ ਗੱਲ ਇਹ ਹੈ ਕਿ ਨੇਪਾਲ ਨੇ ਉਤਰਾਖੰਡ ਦੇ ਆਪਣੇ ਖੇਤਰ ‘ਚ ਭਾਰਤ ਦੁਆਰਾ ਕੀਤੇ ਨਿਰਮਾਣ ਕਾਰਜਾਂ 'ਤੇ ਇਤਰਾਜ਼ ਜਤਾਇਆ ਸੀ। ਇਸ ਦੇ ਬਾਅਦ ਨੇਪਾਲ ਨੇ ਆਪਣੀ ਸੰਸਦ ਵਿੱਚ ਇੱਕ ਨਵਾਂ ਨਕਸ਼ਾ ਜਾਰੀ ਕੀਤਾ, ਜਿਸ ਵਿੱਚ ਭਾਰਤ ਦੇ ਖੇਤਰ ਦੇ ਲਗਪਗ 394 ਵਰਗ ਕਿਲੋਮੀਟਰ ਨੂੰ ਆਪਣਾ ਹਿੱਸਾ ਐਲਾਨਿਆ ਗਿਆ ਸੀ। ਹਾਲਾਂਕਿ, ਭਾਰਤ ਨੇ ਨੇਪਾਲ ਦੇ ਇਸ ਨਵੇਂ ਨਕਸ਼ੇ ਨੂੰ ਉਸੇ ਸਮੇਂ ਰੱਦ ਕਰ ਦਿੱਤਾ।



ਗਲਤ ਸਮੇਂ 'ਤੇ ਚੀਨ ਨਾਲ ਹੋਇਆ ਵਿਵਾਦ:

ਕਈ ਰੱਖਿਆ ਮਾਹਰ ਮੰਨਦੇ ਹਨ ਕਿ ਗਲਵਾਨ ਘਾਟੀ ਵਿੱਚ ਚੀਨ ਨਾਲ ਸਰਹੱਦੀ ਵਿਵਾਦ ਗਲਤ ਸਮੇਂ ‘ਤੇ ਹੋਇਆ। ਇਸ ਘਟਨਾ ਤੋਂ ਬਾਅਦ ਹੁਣ ਨੇਪਾਲ ਵਰਗਾ ਛੋਟਾ ਦੇਸ਼ ਵੀ ਭਾਰਤ ਨੂੰ ਅੱਖਾਂ ਦਿਖਾ ਸਕਦਾ ਹੈ। ਹਾਲਾਂਕਿ, ਨੇਪਾਲ ਕਦੇ ਨਹੀਂ ਚਾਹੇਗਾ ਕਿ ਉਸਦਾ ਭਾਰਤ ਨਾਲ ਰਿਸ਼ਤਾ ਵਿਗੜ ਜਾਵੇ, ਕਿਉਂਕਿ ਉਹ ਜਾਣਦਾ ਹੈ ਕਿ ਜੇ ਅਜਿਹੀਆਂ ਸਥਿਤੀਆਂ ਪੈਦਾ ਹੁੰਦੀਆਂ ਹਨ, ਤਾਂ ਉਸ ਲਈ ਮੁਸ਼ਕਲ ਪੈਦਾ ਹੋ ਜਾਵੇਗੀ।