ਬੀਜਿੰਗ: ਲੱਦਾਖ ਦੀ ਗਲਵਾਨ ਘਾਟੀ ‘ਚ ਭਾਰਤ ਤੇ ਚੀਨ ਦੀ ਫੌਜ ਵਿਚਾਲੇ ਟਕਰਾਅ ਦਾ ਠੀਕਰਾ ਗੁਆਂਢੀ ਦੇਸ਼ ਨੇ ਭਾਰਤ ਸਿਰ ਭੰਨ੍ਹਿਆ ਹੈ। ਚੀਨ ਦੇ ਅਧਿਕਾਰਤ ਮੀਡੀਆ ਗਲੋਬਲ ਟਾਈਮਜ਼ ਨੇ ਲਿਖਿਆ ਹੈ ਕਿ
ਚੀਨ ਤੇ ਭਾਰਤ ਦੀ ਸਰਹੱਦ ‘ਤੇ ਨਿਰੰਤਰ ਤਣਾਅ ਦਾ ਕਾਰਨ ਭਾਰਤੀ ਫੌਜਾਂ ਦਾ ਹੰਕਾਰ ਹੈ। ਸੈਨਿਕ ਟਕਰਾਅ ਦੋਵਾਂ ਦੇਸ਼ਾਂ ਦੇ ਹਿੱਤ ਵਿੱਚ ਨਹੀਂ, ਅਸੀਂ ਲੰਬੀ ਲੜਾਈ ਲਈ ਪੂਰੀ ਤਰ੍ਹਾਂ ਤਿਆਰ ਹਾਂ ਤੇ ਇਸ ਦਾ ਫਾਇਦਾ ਵੀ ਸਾਡੇ ਪੱਖ 'ਚ ਹੈ। -
ਗਲੋਬਲ ਟਾਈਮਜ਼ ਨੇ ਆਪਣੇ ਐਡੀਟੋਰੀਅਲ ‘ਚ ਲਿਖਿਆ ਹੈ ਕਿ
ਭਾਰਤੀ ਫੌਜ ਸਰਹੱਦ ਦੇ ਨੇੜੇ ਬੁਨਿਆਦੀ ਢਾਂਚੇ ਦਾ ਨਿਰਮਾਣ ਕਰ ਰਹੀ ਹੈ। ਉਸ ਨੇ ਚੀਨ ਦੇ ਹਿੱਸੇ 'ਚ ਕੁਝ ਨਿਰਮਾਣ ਕੀਤਾ ਹੈ। ਇਸ ਕਾਰਨ ਦੋਵਾਂ ਧਿਰਾਂ ਵਿਚਾਲੇ ਟਕਰਾਅ ਹੈ, ਕਿਉਂਕਿ ਚੀਨੀ ਫੌਜ ਭਾਰਤੀ ਫੌਜ ਦੀ ਸਿਰਜਣਾ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ।-
ਇਸ ਵਾਰ ਗਲਵਾਨ ਵੈਲੀ ‘ਚ ਭਾਰਤ ਤੇ ਚੀਨ ਦੀ ਸੈਨਾ ਵਿਚਾਲੇ ਝੜਪ ਹੋ ਗਈ ਹੈ। ਦੋਵਾਂ ਪਾਸਿਆਂ ‘ਤੇ ਸੈਨਿਕਾਂ ਦੀ ਮੌਤ ਹੋਈ ਹੈ। ਇਸ ਤੋਂ ਇਹ ਸਪਸ਼ਟ ਹੈ ਕਿ ਦੋਵਾਂ ਦੇਸ਼ਾਂ ਦਰਮਿਆਨ ਸਰਹੱਦੀ ਵਿਵਾਦ ਕਾਰਨ ਪੈਦਾ ਹੋਈ ਸਥਿਤੀ ਕੰਟਰੋਲ ਅਧੀਨ ਨਹੀਂ। ਦੋਵਾਂ ਫ਼ੌਜਾਂ ਨੇ ਇਸ ਘਟਨਾ ਤੋਂ ਬਾਅਦ ਸੰਜਮ ਦੀ ਵਰਤੋਂ ਕੀਤੀ ਹੈ।
ਇਹ ਦਰਸਾਉਂਦਾ ਹੈ ਕਿ ਦੋਵੇਂ ਧਿਰ ਗੱਲਬਾਤ ਰਾਹੀਂ ਤਣਾਅ ਨੂੰ ਘਟਾਉਣਾ ਚਾਹੁੰਦੇ ਹਨ। ਦੂਜੇ ਪਾਸੇ, ਚੀਨੀ ਫੌਜ ਨੇ ਇਸ ਝੜਪ ਵਿੱਚ ਮਾਰੇ ਗਏ ਆਪਣੇ ਸੈਨਿਕਾਂ ਦੀ ਗਿਣਤੀ ਦਾ ਖੁਲਾਸਾ ਨਹੀਂ ਕੀਤਾ ਹੈ ਤਾਂ ਕਿ ਦੋਵਾਂ ਧਿਰਾਂ ਦੀਆਂ ਫੌਜਾਂ ਵਿਚਕਾਰ ਕੋਈ ਟਕਰਾਅ ਫਿਰ ਤੋਂ ਸ਼ੁਰੂ ਨਾ ਹੋਵੇ।
ਗਲੋਬਲ ਟਾਈਮਜ਼ ਨੇ ਲਿਖਿਆ ਕਿ ਅਸੀਂ ਗਲਵਾਨ ਘਾਟੀ ‘ਚ ਤਣਾਅ ਨੂੰ ਘੱਟ ਕਰਨਾ ਚਾਹੁੰਦੇ ਹਾਂ। ਸਾਨੂੰ ਉਮੀਦ ਹੈ ਕਿ ਭਾਰਤ ਲੱਦਾਖ ਸਰਹੱਦ 'ਤੇ ਤਾਇਨਾਤ ਫੌਜਾਂ ਅਤੇ ਇੰਜੀਨੀਅਰਾਂ ਦਾ ਬਿਹਤਰ ਪ੍ਰਬੰਧ ਕਰੇਗਾ। ਨਾਲ ਹੀ, ਦੋਵਾਂ ਸੈਨਾਵਾਂ ਦੇ ਅਧਿਕਾਰੀਆਂ ਦਰਮਿਆਨ ਉੱਚ ਪੱਧਰੀ ਬੈਠਕ ‘ਚ ਜੋ ਸਹਿਮਤੀ ਬਣ ਗਈ ਸੀ, ਉਹ ਲਾਗੂ ਕੀਤੀ ਜਾਵੇਗੀ। ਜੇ ਸਥਿਤੀ ਸ਼ਾਂਤ ਹੁੰਦੀ ਹੈ, ਇਹ ਦੋਵੇਂ ਪਾਸਿਆਂ ਲਈ ਫਾਇਦੇਮੰਦ ਸਿੱਧ ਹੋਏਗੀ। ਹਾਲਾਂਕਿ, ਦੋਵਾਂ ਦੇਸ਼ਾਂ ਦੀਆਂ ਤਾਕਤਾਂ ਨੂੰ ਇਸ ਲਈ ਉਪਰਾਲੇ ਕਰਨੇ ਪੈਣਗੇ।
ਗਲੋਬਲ ਟਾਈਮਜ਼ ਨੇ ਕਿਹਾ -
ਚੀਨ ਦੇ ਲੋਕਾਂ ਨੂੰ ਭਾਰਤ ਨਾਲ ਸਰਹੱਦੀ ਵਿਵਾਦ ਦੇ ਮੁੱਦੇ 'ਤੇ ਸਰਕਾਰ ਅਤੇ ਪੀਪਲਜ਼ ਲਿਬਰੇਸ਼ਨ ਆਰਮੀ ‘ਤੇ ਭਰੋਸਾ ਕਰਨਾ ਚਾਹੀਦਾ ਹੈ। ਉਹ ਸਰਹੱਦੀ ਵਿਵਾਦ ਨਾਲ ਨਜਿੱਠਣ ਵੇਲੇ ਚੀਨ ਦੀ ਖੇਤਰੀ ਅਖੰਡਤਾ ਅਤੇ ਰਾਸ਼ਟਰੀ ਹਿੱਤਾਂ ਨੂੰ ਬਣਾਈ ਰੱਖਣਗੇ। ਚੀਨ ਕੋਲ ਆਪਣੀ ਜ਼ਮੀਨ ਦੇ ਹਰ ਇੰਚ ਦੀ ਰੱਖਿਆ ਕਰਨ ਦੀ ਤਾਕਤ ਤੇ ਸਮਝਦਾਰੀ ਹੈ ਤੇ ਆਪਣੇ ਵਿਰੁੱਧ ਕੋਈ ਵੀ ਰਣਨੀਤਕ ਕਦਮ ਸਫਲ ਨਹੀਂ ਹੋਣ ਦੇਵੇਗਾ।-