ਨਵੀਂ ਦਿੱਲੀ: ਕਾਂਗਰਸ ਦੇ ਗੁੱਟਾਂ 'ਚ ਝੜਪ ਹੋਈ ਹੈ। ਇਸ ਦੌਰਾਨ ਕਾਂਗਰਸੀਆਂ 'ਚ ਡਾਂਗਾਂ ਵੀ ਚੱਲੀਆਂ। ਹਰਿਆਣਾ ਕਾਂਗਰਸ ਦੇ ਪ੍ਰਧਾਨ ਅਸ਼ੋਕ ਤੰਵਰ ਤੇ ਭੁਪਿੰਦਰ ਸਿੰਘ ਹੁੱਡਾ ਦੇ ਸਮਰਥਕਾਂ 'ਚ ਹੋਈ ਝੜਪ ਦੌਰਾਨ ਕਈ ਕਾਂਗਰਸੀ ਜਖਮੀ ਹੋ ਗਏ। ਇਸ ਝੜਪ 'ਚ ਹਰਿਆਣਾ ਕਾਂਗਰਸ ਪ੍ਰਧਾਨ ਅਸ਼ੋਕ ਤੰਵਰ ਵੀ ਜਖਮੀ ਹੋਏ ਹਨ। ਤੰਵਰ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਉਨ੍ਹਾਂ ਦਾ ਹਾਲ ਜਾਨਣ ਲਈ ਹਸਪਤਾਲ ਵੀ ਪਹੁੰਚੇ।
ਕਾਂਗਰਸੀਆਂ 'ਚ ਇਹ ਝੜਪ ਸੈਂਟਰਲ ਦਿੱਲੀ ਦੇ ਭੈਰੋਂ ਮੰਦਰ ਨੇੜੇ ਆਪਣੇ ਆਪਣੇ ਲੀਡਰਾਂ ਦੇ ਪੋਸਟਰ ਲਗਾਉਣ ਨੂੰ ਲੈ ਕੇ ਹੋਈ। ਇਹ ਲੋਕ ਰਾਹੁਲ ਦੀ ਕਿਸਾਨ ਯਾਤਰਾ ਦਾ ਇੰਤਜਾਰ ਕਰ ਰਹੇ ਸਨ। ਇਸ ਘਟਨਾ ਤੋਂ ਬਾਅਦ ਪਾਰਟੀ ਅੰਦਰੂਨੀ ਕਲੇਸ਼ ਇੱਕ ਵਾਰ ਫਿਰ ਸਾਹਮਣੇ ਆਇਆ ਹੈ। ਪਾਰਟੀ ਸੂਤਰਾਂ ਨੇ ਦੱਸਿਆ, " ਅਸ਼ੋਕ ਤੰਵਰ ਦੇ ਸਿਰ ਅਤੇ ਸਰੀਰ ਦੇ ਹੋਰ ਹਿੱਸਿਆਂ 'ਤੇ ਕਈ ਸੱਟਾਂ ਵੱਜੀਆਂ ਹਨ। ਉਨ੍ਹਾਂ ਦਾ ਦਿੱਲੀ ਦੇ ਰਾਮ ਮਨੋਹਰ ਲੋਹੀਆਂ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।"