ਨਵੀਂ ਦਿੱਲੀ: ਭਰਤ-ਪਾਕਿ ਸਰਹੱਦ ਤੋਂ ਹੁਣ ਘੁਸਪੈਠ ਨਹੀਂ ਹੋ ਸਕੇਗੀ। ਇਸ ਨੂੰ ਰੋਕਣ ਲਈ ਸਰਕਾਰ ਨੇ ਵੱਡਾ ਕਦਮ ਚੁੱਕਣ ਦਾ ਐਲਾਨ ਕੀਤਾ ਹੈ। ਇਸ ਦੇ ਤਹਿਤ ਭਾਰਤ-ਪਾਕਿ ਸਰਹੱਦ ਪੂਰੀ ਤਰਾਂ ਸੀਲ ਕੀਤੀ ਜਾਏਗੀ। ਸੂਤਰਾਂ ਮੁਤਾਬਕ ਸਰਹੱਦ ਦੀ ਸੁਰੱਖਿਆ ਇਜ਼ਰਾਈਲ ਤੇ ਫਲਿਸਤੀਨ ਵਾਂਗ ਕੀਤੀ ਜਾਵੇਗੀ। ਇਸ ਦੇ ਲਈ ਅੰਤਰਰਾਸ਼ਟਰੀ ਸਰਹੱਦ 'ਤੇ ਇੱਕ ਮਜਬੂਤ ਤੇ ਵਿਸ਼ਾਲ ਅਕਾਰ ਦੀਵਾਰ ਬਣੇਗੀ, ਲੇਜ਼ਰ ਲੇਅਰ ਲੱਗੇਗੀ ਤੇ ਇਸ ਤੋਂ ਇਲਾਵਾ ਹੋਰ ਵੀ ਕਈ ਸੁਰੱਖਿਆ ਘੇਰੇ ਤਿਆਰ ਕਰਨ ਦੀ ਤਿਆਰੀ ਹੈ। ਇਸ ਪੂਰੇ ਕੰਮ ਨੂੰ 9-10 ਮਹੀਨੇ 'ਚ ਪੂਰਾ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ।
ਸਰਕਾਰ ਨੇ ਇਹ ਫੈਸਲਾ ਉੜੀ ਹਮਲੇ ਤੇ ਲਗਾਤਾਰ ਦੇਸ਼ 'ਚ ਹੋ ਰਹੀ ਘੁਸਪੈਠ ਨੂੰ ਦੇਖਦਿਆਂ ਲਿਆ ਹੈ। ਜੇਕਰ ਸਰਕਾਰ ਭਾਰਤ-ਪਾਕਿ ਸਰਹੱਦ ਨੂੰ ਪੂਰੀ ਤਰਾਂ ਸੀਲ ਕਰਦੀ ਹੈ ਤਾਂ ਯਕੀਨਨ ਘੁਸਪੈਠ ਬੰਦ ਹੋ ਜਾਏਗੀ। ਇਸ ਦੇ ਨਾਲ ਹੀ ਦੇਸ਼ ਦੇ ਬਹਾਦਰ ਜਵਾਨਾਂ ਦੀ ਜਿੰਦਗੀ ਵੀ ਸੁਰੱਖਿਅਤ ਹੋ ਜਾਏਗੀ। ਕਿਉਂਕਿ ਜੇਕਰ ਵਿਸ਼ਾਲ ਅਕਾਰ ਦੀਵਾਰ ਦਾ ਨਿਰਮਾਣ ਹੁੰਦਾ ਹੈ ਤਾਂ ਦੁਸ਼ਮਣ ਮੁਲਕ ਸੀਜ਼ਫਾਇਰ ਦਾ ਉਲੰਘਣ ਕਰਨ ਤੋਂ ਵੀ ਬਾਜ ਆਏਗਾ। ਹੁਣ ਇੰਤਜ਼ਾਰ ਰਹੇਗਾ ਕਿ ਸਰਕਾਰ ਇਸ ਐਲਾਨ ਨੂੰ ਅਮਲੀ ਜਾਮਾ ਕਦੋਂ ਤੱਕ ਪਹਿਨਾਉਂਦੀ ਹੈ।