ਨਵੀਂ ਦਿੱਲੀ: ਭਾਰਤੀ ਹਵਾਈ ਫੌਜ ਦਾ ਇੱਕ ਵਿੰਗ ਕਮਾਂਡਰ ਗੰਭੀਰ ਇਲਜ਼ਾਮਾਂ ਤਹਿਤ ਗ੍ਰਿਫਤਾਰ ਹੋਇਆ ਹੈ। ਨਾਰਕੋਟਿਕਸ ਕੰਟਰੌਲ ਬਿਓਰੋ ਨੇ ਵਿੰਗ ਕਮਾਂਡਰ ਰਾਜਸ਼ੇਖਰ ਰੈਡੀ ਨੂੰ ਕਈ ਸੂਬਿਆਂ 'ਚ ਡਰੱਗ ਰੈਕੇਟ ਚਲਾਉਣ ਦੇ ਇਲਜ਼ਾਮ ਤਹਿਤ ਤੇਲੰਗਾਨਾ- ਮਹਾਂਰਾਸ਼ਟਰ ਬਾਰਡਰ ਤੋਂ ਗ੍ਰਿਫਤਾਰ ਕੀਤਾ ਹੈ। ਇਸ ਵੇਲੇ ਉਹ ਦਿੱਲੀ 'ਚ ਤਾਇਨਾਤ ਸੀ। ਫਿਲਹਾਲ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਰੈਡੀ ਦੇ ਨਾਲ ਉਸ ਦੇ ਦੋ ਸਾਥੀਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਰੈਡੀ ਨੂੰ ਉਸ ਵੇਲੇ ਗ੍ਰਿਫਤਾਰ ਕੀਤਾ ਗਿਆ ਜਦ ਉਹ ਕਾਰ 'ਚੋਂ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ। ਆਂਧਰ ਪ੍ਰਦੇਸ਼ ਦੇ ਰਹਿਣ ਵਾਲੇ ਰੈਡੀ 'ਤੇ ਡਰੱਗਜ਼ ਕਾਰੋਬਾਰ ਲਈ ਫੰਡਿੰਗ ਦਾ ਸ਼ੱਕ ਹੈ। ਰੈਡੀ ਦਾ ਇਹ ਰੈਕੇਟ ਜਿੱਥੇ ਵਿਦੇਸ਼ਾਂ 'ਚ ਫੈਲਿਆ ਹੋਇਆ ਸੀ, ਉਥੇ ਹੀ ਦੇਸ਼ 'ਚ ਹੈਦਰਾਬਾਦ, ਬੈਂਗਲੂਰੂ ਤੇ ਗੋਆ ਤੱਕ ਫੈਲਿਆ ਸੀ।