ਨਵੀਂ ਦਿੱਲੀ: ਹਿਜਬੁਲ ਮੁਜ਼ਾਹਿਦੀਨ ਦੇ ਕਮਾਂਡਰ ਬੁਰਹਾਨ ਵਾਨੀ ਦੇ ਮਾਰੇ ਜਾਣ ਤੋਂ ਬਾਅਦ ਕਸ਼ਮੀਰ ਘਾਟੀ 'ਚ ਲਗਾਤਾਰ ਪੱਥਰਬਾਜੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਪੁਲਿਸ ਨੇ ਇਹਨਾਂ ਹਮਲਿਆਂ ਨੂੰ ਹਵਾ ਦੇਣ ਦੇ ਇਲਜ਼ਾਮਾਂ 'ਚ ਵੱਖਵਾਦੀ ਲੀਡਰ ਆਸੀਆ ਅੰਦ੍ਰਾਬੀ ਨੂੰ ਗ੍ਰਿਫਤਾਰ ਕਰ ਲਿਆ ਹੈ। ਆਸੀਆ ਤਿੰਨ ਮਹੀਨੇ ਤੋਂ ਫਰਾਰ ਸੀ ਤੇ ਪੁਲਿਸ ਲਗਾਤਾਰ ਉਸ ਦੀ ਭਾਲ ਕਰ ਰਹੀ ਸੀ। ਆਸੀਆ ਜਦ ਵੀ ਨਜਰ ਆਈ ਬੁਰਕੇ 'ਚ ਹੀ, ਪਰ ਇਹ ਬੁਰਕੇ 'ਚ ਲੁਕਿਆ ਚਿਹਰਾ ਘਾਟੀ 'ਚ ਵੱਖਵਾਦੀ ਅੰਦੋਲਨ ਦਾ ਵੱਡਾ ਚਿਹਰਾ ਹੈ।



54 ਸਾਲਾ ਆਸੀਆ ਅੰਦ੍ਰਾਬੀ ਸ਼੍ਰੀਨਗਰ 'ਚ ਹੀ ਪੈਦਾ ਹੋਈ। ਸ਼੍ਰੀਨਗਰ ਯੂਨੀਵਰਸਿਟੀ ਤੋਂ ਪੜਾਈ ਕੀਤੀ ਤੇ ਹੁਣ ਤੱਕ ਦੀ ਪੂਰੀ ਜਿੰਦਗੀ ਜੰਮੂ-ਕਸ਼ਮੀਰ 'ਚ ਬਿਤਾਈ ਹੈ। ਪਰ ਬਾਵਜੂਦ ਇਸਦੇ ਆਸੀਆ ਨੂੰ ਪਾਕਿਸਤਾਨ ਨਾਲ ਪਿਆਰ ਹੈ। ਉਹ ਨਵਾਜ਼ ਸ਼ਰੀਫ ਨੂੰ ਚਿੱਠੀ ਲਿਖ ਗੱਲਬਾਤ ਕਰਦੀ ਹੈ। ਪਾਕਿਸਤਾਨ 'ਚ ਬੈਠੇ ਖਤਰਨਾਕ ਅੱਤਵਾਦੀ ਹਾਫਿਜ਼ ਸਈਅਦ ਨਾਲ ਆਸੀਆ ਫੋਨ 'ਤੇ ਗੱਲ ਕਰਦੀ ਹੈ। ਸਈਅਦ ਆਸੀਆ ਨੂੰ ਆਪਣੀ ਭੈਣ ਦੱਸਦਾ ਹੈ।

ਬੁਰਹਾਨ ਵਾਨੀ ਦੀ ਮੌਤ ਤੋਂ ਬਾਅਦ ਆਸੀਆ ਦੇ ਰੋਣ ਦੀਆਂ ਖਬਰਾਂ ਸਾਹਮਣੇ ਆਈਆਂ ਸਨ। ਉਹ ਵਾਣੀ ਤੇ ਅਫਜ਼ਲ ਗੁਰੂ ਵਰਗੇ ਅੱਤਵਾਦੀਆਂ ਨੂੰ ਸ਼ਹਾਦਤ ਦੇ ਲੜਕੇ ਦੱਸਦੀ ਹੈ। ਘਾਟੀ 'ਚ ਸ਼ੁਰੂ ਹੋਏ ਵਿਦਰੋਹ ਤੇ ਪੱਥਰਬਾਜੀ ਦੀਆਂ ਘਟਨਾਵਾਂ ਨੂੰ ਹਵਾ ਦੇਣ 'ਚ ਆਸੀਆ ਮੁੱਖ ਭੂਮਿਕਾ ਨਿਭਾਉਂਦੀ ਰਹੀ ਹੈ। ਇਸੇ ਇਲਜ਼ਾਮ 'ਚ ਹੀ ਹੁਣ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।