ਅਹਿਮਦਾਬਾਦ: ਐਂਬੂਲੈਂਸ ਨਾ ਮਿਲਣ ਕਾਰਨ ਇੱਕ ਪਿਤਾ ਨੂੰ ਪੁੱਤ ਦੀ ਲਾਸ਼ ਮੋਢੇ 'ਤੇ ਚੁੱਕ ਕੇ ਲਿਜਾਣੀ ਪਈ। ਦਿਲ ਦਹਿਲਾਉਣ ਵਾਲੀ ਖਬਰ ਗੁਜਰਾਤ 'ਚ ਡਾਂਗ ਜ਼ਿਲ੍ਹੇ ਦੇ ਵਧਾਈ ਤੋਂ ਆਈ ਹੈ। ਮਾਮਲੇ ਦੇ ਮੀਡੀਆ 'ਚ ਆਉਣ 'ਤੇ ਸਰਕਾਰ ਨੇ ਤੁਰੰਤ ਹਰਕਤ 'ਚ ਆਉਂਦਿਆਂ ਪੀੜਤ ਪਰਿਵਾਰ ਨੂੰ ਮਦਦ ਮੁਹੱਈਆ ਕਰਵਾਈ।

ਦਰਅਸਲ ਸੋਸ਼ਲ ਮੀਡੀਆ 'ਤੇ ਇਸ ਰੂਹ ਕੰਬਾਉਣ ਵਾਲੀ ਘਟਨਾ ਦੀ ਤਸਵੀਰ ਵਾਇਰਲ ਹੋਈ। ਇਸ ਤਸਵੀਰ 'ਚ ਇੱਕ ਆਦਿਵਾਸੀ ਵਿਅਕਤੀ ਮੋਢੇ 'ਤੇ ਆਪਣੇ ਪੁੱਤ ਦੀ ਲਾਸ਼ ਲਿਜਾ ਰਿਹਾ ਨਜ਼ਰ ਆਉਂਦਾ ਹੈ। ਇਸ ਦੇ ਨਾਲ ਹੀ ਦਾਅਵਾ ਕੀਤਾ ਗਿਆ ਸੀ ਕਿ ਵਧਾਈ ਦੇ ਸਰਕਾਰੀ ਹਸਪਤਾਲ ਨੇ ਇਸ ਵਿਅਕਤੀ ਨੂੰ ਐਂਬੂਲੈਂਸ ਨਹੀਂ ਦਿੱਤੀ ਜਿਸ ਕਾਰਨ ਮਜਬੂਰ ਉਸ ਨੂੰ ਪੁੱਤ ਦੀ ਲਾਸ਼ ਮੋਢੇ 'ਤੇ ਲਿਜਾਣੀ ਪਈ। ਮਜ਼ਦੂਰੀ ਕਰਨ ਵਾਲਾ ਕੇਸ਼ੀ ਪਾਂਤਰਾ ਆਪਣੇ 12 ਸਾਲਾ ਪੁੱਤ ਨੂੰ ਬਿਮਾਰੀ ਦੀ ਹਾਲਤ 'ਚ ਹਸਪਤਾਲ ਲੈ ਕੇ ਪੁੱਜਾ ਸੀ। ਇੱਥੇ ਆਉਂਦੇ ਹੀ ਜਦ ਡਾਕਟਰਾਂ ਨੇ ਜਾਂਚ ਕੀਤੀ ਤਾਂ ਬੱਚੇ ਨੂੰ ਮ੍ਰਿਤ ਕਰਾਰ ਦੇ ਦਿੱਤਾ ਗਿਆ ਸੀ।

 ਇਸ ਪੂਰੇ ਮਾਮਲੇ 'ਤੇ ਹਸਪਤਾਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਲਾਸ਼ ਲਿਜਾਣ ਲਈ ਕੋਈ ਵਹੀਕਲ ਨਹੀਂ ਹੈ। ਕੇਸ਼ੂ ਵੀ ਆਪਣੇ ਤੌਰ 'ਤੇ ਕੋਈ ਨਿੱਜੀ ਵਹੀਕਲ ਦਾ ਪ੍ਰਬੰਧ ਨਹੀਂ ਕਰ ਸਕੇ। ਇਸ ਲਈ ਉਨ੍ਹਾਂ ਖੁਦ ਹੀ ਲਾਸ਼ ਨੂੰ ਲਿਜਾਣ ਦੀ ਇਜਾਜ਼ਤ ਮੰਗੀ ਸੀ। ਕੇਸ਼ੂ ਨੇ ਕਿਹਾ ਸੀ ਕਿ ਉਹ ਨਜ਼ਦੀਕ ਹੀ ਰਹਿੰਦਾ ਹੈ, ਅਜਿਹੇ 'ਚ ਲਾਸ਼ ਲਿਜਾਣ 'ਚ ਉਸ ਨੂੰ ਪ੍ਰੇਸ਼ਾਨੀ ਨਹੀਂ ਆਏਗੀ ਪਰ ਇਸੇ ਦੌਰਾਨ ਕਿਸੇ ਨੇ ਇਸ ਦੀ ਤਸਵੀਰ ਖਿੱਚ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ।

ਪਰ ਮਾਮਲਾ ਚਰਚਾ 'ਚ ਆਉਣ 'ਤੇ ਡਾਂਗ ਦੇ ਅਧਿਕਾਰੀਆਂ ਨੇ ਤੁਰੰਤ ਪੀੜਤ ਪਰਿਵਾਰ ਨਾਲ ਸੰਪਰਕ ਕੀਤਾ। ਅਧਿਕਾਰੀਆਂ ਨੇ ਬੱਚੇ ਦੇ ਅੰਤਮ ਸੰਸਕਾਰ ਲਈ ਪਰਿਵਾਰ ਦੇ ਪਿੰਡ ਦਾਹੋਦ ਜ਼ਿਲ੍ਹੇ 'ਚ ਲਾਸ਼ ਲਿਜਾਣ ਲਈ ਗੱਡੀ ਦਾ ਪ੍ਰਬੰਧ ਕਰਵਾਇਆ।