ਨਵੀਂ ਦਿੱਲੀ: ਉੜੀ ਹਮਲੇ ਤੋਂ ਬਾਅਦ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਤੇ ਪਾਕਿਸਤਾਨ ਦੇ ਸੁਰੱਖਿਆ ਸਲਾਹਕਾਰ ਜਨਰਲ ਨਸੀਰ ਜੰਜੂਆ ਵਿਚਕਾਰ ਫੋਨ 'ਤੇ ਗੱਲਬਾਤ ਹੋਈ ਸੀ। ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਸਰਤਾਜ਼ ਅਜੀਜ਼ ਨੇ ਦਾਅਵਾ ਕੀਤਾ ਹੈ ਕਿ ਦੋਵਾਂ ਦੇਸ਼ਾਂ ਦੇ ਐਨ.ਐਸ.ਏ. ਦਰਮਿਆਨ ਗੱਲ ਹੋਈ ਸੀ। ਉਨ੍ਹਾਂ ਕਿਹਾ ਕਿ ਦੋਵਾਂ 'ਚ ਕੰਟਰੋਲ ਰੇਖਾ 'ਤੇ ਸ਼ਾਂਤੀ ਬਣਾਏ ਰੱਖਣ ਦੇ ਮੁੱਦੇ 'ਤੇ ਗੱਲ ਹੋਈ ਸੀ।

ਇਸ ਤੋਂ ਬਾਅਦ ਭਾਰਤ ਦੇ ਸਰਕਾਰੀ ਸੂਤਰਾਂ ਨੇ ਵੀ ਇਸ ਗੱਲ ਦੀ ਪੁਸ਼ਟੀ ਤਾਂ ਕੀਤੀ ਕਿ ਦੋਵਾਂ ਦੇਸ਼ਾਂ ਦੇ ਐਨ.ਐਸ.ਏ. ਵਿਚਕਾਰ ਗੱਲ ਹੋਈ ਪਰ ਪਹਿਲਾਂ ਫੋਨ ਕਿਸ ਨੇ ਕੀਤਾ ਸੀ, ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ। 'ਏਬੀਪੀ ਨਿਊਜ਼' ਦੇ ਪੱਤਰਕਾਰ ਅਸ਼ੀਸ਼ ਸਿੰਘ ਮੁਤਾਬਕ ਅਧਿਕਾਰੀਆਂ ਨੇ ਦੱਸਿਆ ਹੈ ਕਿ ਦੋਵਾਂ ਦੇਸ਼ਾਂ ਦੇ ਐਨ.ਐਸ.ਏ. ਪੱਧਰ 'ਤੇ ਗੱਲਬਾਤ ਹੋਈ ਹੈ।

ਅਧਿਕਾਰੀਆਂ ਮੁਤਾਬਕ ਐਨ.ਐਸ.ਏ. ਅਜੀਤ ਡੋਬਾਲ ਤੇ ਪਾਕਿ ਐਨ.ਐਸ.ਏ. ਨਸੀਰ ਖਾਨ ਜੰਜੂਆ ਨੇ ਗੱਲਬਾਤ ਕੀਤੀ ਸੀ। ਇਸ ਤੋਂ ਬਾਅਦ ਇਹ ਸਹਿਮਤੀ ਬਣੀ ਸੀ ਕਿ ਭਾਰਤ-ਪਾਕਿ ਸਰਹੱਦ 'ਤੇ ਦੋਵਾਂ ਦੇਸ਼ਾਂ ਵੱਲੋਂ ਤਣਾਅ ਘੱਟ ਕੀਤਾ ਜਾਣਾ ਚਾਹੀਦਾ ਹੈ। ਸੂਤਰਾਂ ਨੇ ਇਸ ਗੱਲ ਵੱਲ ਇਸ਼ਾਰਾ ਕੀਤਾ ਕਿ ਅੱਗੇ ਵੀ ਦੋਵਾਂ ਦੇਸ਼ਾਂ ਦੇ ਐਨ.ਐਸ.ਏ. ਵਿਚਕਾਰ ਗੱਲਬਾਤ ਜਾਰੀ ਰਹੇਗੀ।