ਨਵੀਂ ਦਿੱਲੀ: ਨੋਟਬੰਦੀ ਕਰ ਕਾਲੇ ਧਨ 'ਤੇ ਸ਼ਿਕੰਜਾ ਕਸਣ ਵਾਲੀ ਮੋਦੀ ਸਰਕਾਰ ਕਾਲੇ ਧਨ ਨੂੰ ਸਫੇਦ ਕਰਨ ਲਈ ਇੱਕ ਹੋਰ ਮੌਕਾ ਦੇਣ ਜਾ ਰਹੀ ਹੈ। ਸਰਕਾਰ ਨੇ ਇਸ ਦੇ ਲਈ ਕੈਬਨਿਟ 'ਚ ਇੱਕ ਪ੍ਰਸਤਾਵ ਪਾਸ ਕੀਤਾ ਹੈ। ਇਸ ਪ੍ਰਸਤਾਵ ਮੁਤਾਬਕ ਅਗਰ ਤੁਸੀਂ ਖੁਦ ਕਾਲੇ ਧਨ ਦੀ ਜਾਣਕਾਰੀ ਦਿੰਦੇ ਹੋ ਤਾਂ ਜਮਾਂ ਕੀਤੀ ਰਕਮ ਦਾ 50 ਪ੍ਰਤੀਸ਼ਤ ਟੈਕਸ ਅਦਾ ਕਰਨਾ ਹੋਵੇਗਾ, ਬਾਕੀ 50 ਫੀਸਦ ਰਕਮ ਤੁਹਾਡੀ ਹੋਵੇਗੀ। ਪਰ ਇਸ ਦੇ ਲਈ ਇੱਕ ਸ਼ਰਤ ਹੈ ਕਿ ਬਾਕੀ ਬਚੀ 50 ਫੀਸਦ ਰਕਮ ਤੁਸੀਂ 4 ਸਾਲ ਤੱਕ ਨਹੀਂ ਕਢਵਾ ਸਕੋਗੇ।

ਸਰਕਾਰ ਦੀ ਨਵੀਂ ਨੀਤੀ ਮੁਤਾਬਕ ਤੁਹਾਨੂੰ 4 ਸਾਲ ਦੇ ਸਮੇਂ 'ਚ ਬਲੈਕ ਤੋਂ ਸਫੇਦ ਕੀਤੀ ਰਕਮ 'ਤੇ ਕੋਈ ਵਿਆਜ ਨਹੀਂ ਮਿਲੇਗਾ। ਇਸ ਦੇ ਨਾਲ ਹੀ ਸਰਕਾਰ ਨੇ ਸਾਫ ਕੀਤਾ ਹੈ ਕਿ ਜੇਕਰ ਤੁਸੀਂ ਆਪਣੇ ਕੋਲ ਮੌਜੂਦ ਕਾਲੇ ਧਨ ਦੀ ਜਾਣਕਾਰੀ ਨਾਂ ਦਿੱਤੀ ਤਾਂ ਤੁਹਾਨੂੰ ਭਾਰੀ ਜੁਰਮਾਨਾ ਤਾਂ ਲੱਗੇਗਾ ਹੀ, ਸਗੋਂ ਜੇਲ੍ਹ ਵੀ ਜਾਣਾ ਪਏਗਾ। ਨੋਟਬੰਦੀ ਦੇ ਕਾਰਨ ਜੇਕਰ ਤੁਸੀਂ ਮੋਟੀ ਰਕਮ ਜਮਾਂ ਕਰਦੇ ਹੋ ਤਾਂ ਤੁਹਾਡੇ ਲਈ ਸਰਕਾਰ ਦੀ ਇਹ ਸਕੀਮ ਕਾਫੀ ਫਾਇਦੇਮੰਦ ਸਾਬਤ ਹੋ ਸਕਦੀ ਹੈ। ਪਰ ਬਸ਼ਰਤੇ ਕਿ ਖਾਤਾਧਾਰਕ ਸਰਕਾਰ ਨੂੰ ਇਸ ਦੀ ਜਾਣਕਾਰੀ ਦੇ ਦੇਵੇ।

ਮੰਨ ਲਓ ਤੁਹਾਡੇ ਕੋਲ 1 ਕਰੋੜ ਰੁਪਿਆ ਕਾਲਾ ਧਨ ਹੈ ਤੇ ਤੁਸੀਂ ਇਸ ਨੂੰ ਜਮਾਂ ਕਰਵਾਉਂਦੇ ਹੋ ਤਾਂ ਸਰਕਾਰ 50 ਲੱਖ ਰੁਪਏ ਟੈਕਸ ਵਜੋਂ ਲੈ ਲਵੇਗੀ ਤੇ 50 ਲੱਖ ਰੁਪਏ ਤੁਹਾਡੇ ਹੋਣਗੇ ਤੇ ਉਹ ਵੀ ਸਫੇਦ ਮਨੀ। ਉਸ ਤੋਂ ਬਾਅਦ ਤੁਸੀਂ 25 ਲੱਖ ਰੁਪਏ ਕਢਵਾ ਸਕਦੇ ਹੋ, ਪਰ ਬਾਕੀ 25 ਲੱਖ ਰੁਪਏ 4 ਸਾਲ ਤੱਕ ਨਹੀਂ ਕਢਵਾ ਸਕੋਗੇ। ਇਸ ਰਕਮ 'ਤੇ ਤੁਹਾਨੂੰ ਕੋਈ ਵਿਆਜ ਵੀ ਨਹੀਂ ਮਿਲੇਗਾ।