ਪੁਣੇ : ਉੱਘੇ ਪੱਤਰਕਾਰ ਦਿਲੀਪ ਪਡਗਾਓਂਕਰ (72) ਦਾ ਸੰਖੇਪ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ। ਉਹ ਸਾਲ 2008 ਵਿੱਚ ਜੰਮੂ ਕਸ਼ਮੀਰ ਬਾਰੇ ਵਾਰਤਾਕਾਰਾਂ ਦੀ ਤਿੰਨ ਮੈਂਬਰੀ ਟੀਮ ਦਾ ਹਿੱਸਾ ਸਨ।‘ਦਿ ਟਾਈਮਜ਼ ਆਫ਼ ਇੰਡੀਆ’ ਅਖ਼ਬਾਰ ਦੇ ਸਾਬਕਾ ਸੰਪਾਦਕ ਦਿਲੀਪ ਪਡਗਾਓਂਕਰ ਪਿਛਲੇ ਕੁਝ ਹਫਤਿਆਂ ਤੋਂ ਬਿਮਾਰ ਚੱਲ ਰਹੇ ਸਨ।
ਇੱਥੋਂ ਦੇ ਇਕ ਪ੍ਰਾਈਵੇਟ ਹਸਪਤਾਲ ਜਿੱਥੇ ਉਨ੍ਹਾਂ ਨੂੰ ਪਿਛਲੇ ਹਫ਼ਤੇ ਗੰਭੀਰ ਹਾਲਤ ਵਿੱਚ ਲਿਆਂਦਾ ਗਿਆ ਸੀ, ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ। ਹਸਪਤਾਲ ਦੇ ਡਾਇਰੈਕਟਰ ਮੈਡੀਕਲ ਸਰਵਿਸਜ਼ ਸੰਜੈ ਪਠਾਰੇ ਨੇ ਦੱਸਿਆ ਕਿ ਹਸਪਤਾਲ ’ਚ ਭਰਤੀ ਕੀਤੇ ਜਾਣ ਦੇ ਬਾਅਦ ਤੋਂ ਉਹ ਡਾਇਲੈਸਿਸ ਤੇ ਵੈਂਟੀਲੇਟਰ ’ਤੇ ਚੱਲ ਰਹੇ ਸਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ੍ਰੀ ਪਡਗਾਓਂਕਰ ਦੀ ਮੌਤ ’ਤੇ ਦੁੱਖ ਜ਼ਾਹਿਰ ਕਰਦਿਆਂ ਕਿਹਾ ਕਿ ਉਹ ਲੋਕ ਹਿੱਤਾਂ ਦੇ ਉੱਘੇ ਚਿੰਤਕ ਸਨ ਜਿਨ੍ਹਾਂ ਦਾ ਪੱਤਰਕਾਰੀ ਦੇ ਖੇਤਰ ’ਚ ਯੋਗਦਾਨ ਹਮੇਸ਼ਾਂ ਯਾਦ ਰੱਖਿਆ ਜਾਵੇਗਾ। ਉੱਧਰ, ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਨੇ ਵੀ ਸ੍ਰੀ ਪਡਗਾਓਂਕਰ ਦੀ ਮੌਤ ’ਤੇ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਉਨ੍ਹਾਂ ਦੀ ਮੌਤ ਨਾਲ ਪਏ ਘਾਟੇ ਨੂੰ ਪੂਰਨਾ ਕਾਫੀ ਮੁਸ਼ਕਿਲ ਹੈ