ਪਾਣੀਪਤ: ਹਰਿਆਣਾ ਦੇ ਪਾਣੀਪਤ 'ਚ ਵਾਪਰਿਆ ਹੈ ਦਰਦਨਾਕ ਹਾਦਸਾ। ਇੱਥੇ ਪਿੰਡ ਕੁਰਾੜ ਦੀ ਧਾਗਾ ਮਿੱਲ 'ਚ ਭਿਆਨਕ ਅੱਗ ਲੱਗਣ ਕਾਰਨ ਫੈਕਟਰੀ 'ਚ ਕੰਮ ਕਰਦੇ 8 ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਜਦਕਿ ਕਈ ਮਜ਼ਦੂਰਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਹਾਦਸੇ ਵੇਲੇ ਫੈਕਟਰੀ 'ਚ ਕਰੀਬ 30-32 ਮਜਦੂਰ ਕੰਮ ਕਰ ਰਹੇ ਸਨ।
ਜਾਣਕਾਰੀ ਮੁਤਾਬਕ ਪਿੰਡ ਕੁਰਾੜ ਦੀ ਧਾਗਾ ਮਿੱਲ ਵਿੱਚ ਸਭ ਕੁੱਝ ਠੀਕ ਚੱਲ ਰਿਹਾ ਸੀ। ਕਰੀਬ 30-32 ਮਜ਼ਦੂਰ ਅੰਦਰ ਕੰਮ ਕਰ ਰਹੇ ਸਨ। ਅਚਾਨਕ ਸ਼ਾਮ ਕਰੀਬ 4.45 ਵਜੇ ਮਿੱਲ ਵਿੱਚ ਅੱਗ ਲੱਗ ਗਈ। ਇਸ ਤੋਂ ਪਹਿਲਾਂ ਕਿ ਮਜ਼ਦੂਰ ਕੁੱਝ ਸਮਝ ਸਕਦੇ ਅੱਗ ਚਾਰੇ ਪਾਸੇ ਫੈਲ ਗਈ। ਅੱਗ ਲੱਗਣ ਦੀ ਸੂਚਨਾ ਤੁਰੰਤ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਇਸ ਦੌਰਾਨ ਬਚਾਅ ਦਲ ਵੱਲੋਂ ਕਾਫੀ ਮਜ਼ਦੂਰਾਂ ਨੂੰ ਬਾਹਰ ਕੱਢ ਲਿਆ ਗਿਆ। ਪਰ ਕਈ ਮਜਦੂਰ ਅੱਗ ਦੇ ਕਾਰਨ ਝੁਲਸ ਚੁੱਕੇ ਸਨ। ਜਖਮੀਆਂ ਨੂੰ ਤੁਰੰਤ ਪਾਣੀਪਤ ਦੇ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ। ਅੱਗ ਇੰਨੀ ਭਿਆਨਕ ਸੀ ਕਿ ਕਈ ਮਜਦੂਰ ਜ਼ਿੰਦਾ ਸੜ ਗਏ।
ਇਸ ਦਰਦਨਾਕ ਹਾਦਸੇ 'ਚ 8 ਮਜਦੂਰਾਂ ਦੀ ਮੌਤ ਹੋ ਚੁੱਕੀ ਹੈ ਜਦਕਿ 3 ਦੀ ਹਾਲਤ ਗੰਭੀਰ ਬਣੀ ਹੋਈ ਹੈ। ਘਟਨਾ ਵਿੱਚ ਮਰਨ ਵਾਲੇ ਅਤੇ ਜ਼ਖ਼ਮੀ ਹੋਏ ਜ਼ਿਆਦਾਤਰ ਮਜਦੂਰ ਬਿਹਾਰ ਤੇ ਪੱਛਮੀ ਬੰਗਾਲ ਨਾਲ ਸਬੰਧਤ ਹਨ। ਮਰਨ ਵਾਲਿਆਂ ਵਿੱਚ ਪਾਣੀਪੱਤ ਜ਼ਿਲ੍ਹੇ ਦੇ ਪਿੰਡ ਕੁਰਾੜ ਤੇ ਸਨੌਲੀ ਦੇ ਵਾਸੀ ਵੀ ਸ਼ਾਮਲ ਹਨ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ। ਫਿਲਹਾਲ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।