ਮੁੰਬਈ ਤਾਜ ਹੋਟਲ ਤੇ ਹੋਏ ਅੱਤਵਾਦੀ ਹਮਲੇ ਦੀ ਅੱਜ 8ਵੀਂ ਬਰਸੀ ਹੈ। 8 ਸਾਲ ਪਹਿਲਾਂ 26 ਨਵੰਬਰ 2008 ਨੂੰ ਵਾਪਰੇ ਮੁੰਬਈ ਅੱਤਵਾਦੀ ਹਮਲੇ ਨੂੰ ਦੇਸ਼  ਨਮ ਅੱਖਾਂ ਨਾਲ ਯਾਦ ਕਰ ਰਿਹਾ ਹੈ। ਦੇਸ਼ ਦੀਆਂ ਵੱਖ-ਵੱਖ ਥਾਵਾਂ 'ਤੇ ਮੁੰਬਈ ਹਮਲੇ ਦੀ ਯਾਦ 'ਚ ਸ਼ਰਧਾਂਜਲੀ ਸਮਾਗਮ ਕਰਵਾਏ ਜਾ ਰਹੇ ਹਨ। ਮੁੰਬਈ 'ਚ ਇੱਕ ਖਾਸ ਪ੍ਰੋਗਰਾਮ ਦੌਰਾਨ ਮੁੰਬਈ ਹਮਲੇ ਦੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਸਮਾਗਮ ਚ ਸੂਬੇ ਦੇ ਮੁੱਖ ਮੰਤਰੀ ਦੇਵੇਂਦਰ ਫਡਨਵੀਸ ਸ਼ਾਮਲ ਹੋਏ।



ਸਾਲ 2008 'ਚ ਅੱਤਵਾਦੀਆਂ ਵੱਲੋਂ 26 ਨਵੰਬਰ ਦੀ ਰਾਤ ਨੂੰ ਅਚਾਨਕ ਮੁੰਬਈ ਦੇ ਤਾਜ ਹੋਟਲ 'ਚ ਕੀਤੀ ਗੋਲੀਬਾਰੀ ਨਾਲ ਪੂਰਾ ਮੁੰਬਈ ਸ਼ਹਿਰ ਦਹਿਲ ਗਿਆ ਸੀ। ਹਮਲਾਵਰਾਂ ਨੇ ਸ਼ਹਿਰ ਦੇ ਇਸ 5 ਸਿਤਾਰਾ ਹੋਟਲ, ਸੀ. ਐੱਸ. ਟੀ. ਰੇਲਵੇ ਸਟੇਸ਼ਨ ਅਤੇ ਇੱਕ ਯਹੂਦੀ ਕੇਂਦਰ ਨੂੰ ਨਿਸ਼ਾਨਾ ਬਣਾਇਆ ਸੀ। ਇਸ ਹਮਲੇ ਬਾਰੇ ਕਿਸੇ ਨੂੰ ਅੰਦਾਜ਼ਾ ਵੀ ਨਹੀਂ ਸੀ ਕਿ ਇਹ ਹਮਲਾ ਇੰਨਾ ਵੱਡਾ ਵੀ ਹੋ ਸਕਦਾ ਹੈ। ਇਸ ਹਮਲੇ 'ਚ 160 ਤੋਂ ਵੱਧ ਲੋਕ ਮਾਰੇ ਗਏ ਸਨ ਅਤੇ 250 ਤੋਂ ਵੱਧ ਲੋਕ ਜ਼ਖਮੀ ਹੋਏ ਸਨ।