ਨਵੀਂ ਦਿੱਲੀ: ਆਮ ਆਦਮੀ ਪਾਰਟੀ ਵਿਧਾਇਕ ਦੇ ਨਾਮ 'ਤੇ ਕੀਤੀ ਜਾ ਰਹੀ ਸੀ ਵਸੂਲੀ। ਘਟਨਾ ਦਿੱਲੀ ਦੇ ਗੁਲਾਬ ਬਾਗ ਇਲਾਕੇ ਦੀ ਹੈ। ਜਿੱਥੇ ਇੱਕ ਪ੍ਰਾਪਰਟੀ ਡੀਲਰ ਦੇ ਦਫਤਰ 'ਚ ਕਥਿਤ ਰੰਗਦਾਰੀ ਵਸੂਲਣ ਆਏ ਤਿੰਨ ਵਿਅਕਤੀਆਂ 'ਚੋਂ ਦੋ ਨੂੰ ਲੋਕਾਂ ਨੇ ਕਾਬੂ ਕਰ ਲਿਆ। ਮੌਕੇ 'ਤੇ ਪੁਲਿਸ ਨੂੰ ਬੁਲਾਇਆ ਗਿਆ ਤੇ ਇਨ੍ਹਾਂ ਦੋਵਾਂ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ। ਪੀੜਤ ਮੁਤਾਬਕ ਇਹ ਵਿਅਕਤੀ ਖੁਦ ਨੂੰ ਮਟਿਆਲਾ ਵਿਧਾਨ ਸਭਾ ਇਲਾਕੇ ਦੇ ਵਿਧਾਇਕ ਗੁਲਾਬ ਸਿੰਘ ਦੇ ਆਦਮੀ ਦੱਸ ਰਹੇ ਸਨ।








ਪੀੜਤ ਮੁਤਾਬਕ ਇਹ ਵਿਅਕਤੀ ਤਿੰਨ ਦਿਨਾਂ ਤੋਂ ਫੋਨ ਕਰ ਰਹੇ ਸਨ। ਪੁਲਿਸ ਨੇ ਸ਼ਿਕਾਇਤ ਦੇ ਅਧਾਰ 'ਤੇ ਜਗਦੀਸ਼ ਤੇ ਸਤੀਸ਼ ਨਾਮੀ ਇਨ੍ਹਾਂ ਵਿਅਕਤੀਆਂ ਤੋਂ ਕਈ ਘੰਟੇ ਤੱਕ ਗਹਿਰਾਈ ਨਾਲ ਪੁੱਛਗਿੱਛ ਕੀਤੀ ਤੇ ਐਕਸਟਾਰਸ਼ਨ ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਇਨ੍ਹਾਂ ਦੇ ਤੀਸਰੇ ਸਾਥੀ ਦੀ ਵੀ ਭਾਲ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਤਿੰਨੇ ਇਨੋਵਾ ਗੱਡੀ 'ਤੇ ਆਏ ਸਨ। ਇਨ੍ਹਾਂ 'ਚੋਂ ਇੱਕ ਜਗਦੀਸ਼ ਕੋਲ ਪਿਸਟਲ ਵੀ ਸੀ ਪਰ ਮੁਲਜ਼ਮ ਦਾ ਦਾਅਵਾ ਹੈ ਕਿ ਉਸ ਕੋਲ ਇਸ ਦਾ ਲਾਇਸੰਸ ਵੀ ਹੈ।






ਪੁਲਿਸ ਮੁਤਾਬਕ ਫਰਾਰ ਹੋਏ ਤੀਜੇ ਵਿਅਕਤੀ ਦੀ ਪਛਾਣ ਦੇਵੇਂਦਰ ਵਜੋਂ ਹੋਈ ਹੈ। ਇਹ ਲੋਕ ਖੁਦ ਨੂੰ ਵਿਧਾਇਕ ਦੇ ਦਫਤਰ ਦਾ ਸਟਾਫ ਦੱਸ ਰਹੇ ਹਨ। ਜਗਦੀਸ਼ ਐਕਸ ਸਰਵਿਸਮੈਨ ਹੈ। ਉਸ ਕੋਲੋਂ ਬਰਾਮਦ ਹੋਏ ਪਿਸਟਲ ਦੇ ਲਾਇਸੰਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ।