ਸੂਰਤ: ਗੁਜਰਾਤ 'ਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ 'ਆਪ' ਨੇ ਪ੍ਰਚਾਰ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਆਮ ਆਦਮੀ ਪਾਰਟੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਨੇ ਇਸ ਦੀ ਸ਼ੁਰੂਆਤ 'ਚ ਹੀ ਬੀਜੇਪੀ ਪ੍ਰਧਾਨ ਅਮਿਤ ਸ਼ਾਹ 'ਤੇ ਵੱਡਾ ਹਮਲਾ ਬੋਲਿਆ ਹੈ। ਕੇਜਰੀਵਾਲ ਨੇ ਅਮਿਤ ਸ਼ਾਹ ਦੀ ਤੁਲਣਾ ਜਨਰਲ ਡਾਇਰ ਨਾਲ ਕੀਤੀ ਹੈ। ਜਦਕਿ ਪਟੇਲ ਅੰਦੋਲਨ ਕਰਨ ਵਾਲੇ ਹਾਰਦਿਕ ਪਟੇਲ ਨੂੰ ਦੇਸ਼ ਭਗਤ ਦੱਸਿਆ ਹੈ। ਉਹ ਇਸ ਬਿਆਨ ਨਾਲ ਪਟੇਲ ਭਾਈਚਾਰੇ ਨੂੰ ਲੁਭਾਉਣ ਦੀ ਕੋਸ਼ਿਸ਼ ਕਰਦੇ ਨਜਰ ਆਏ ਹਨ।

ਗੁਜਰਾਤ 'ਚ ਆਮ ਆਦਮੀ ਪਾਰਟੀ ਦੀ ਪਹਿਲੀ ਰੈਲੀ 'ਚ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਬੀਜੇਪੀ ਤੇ ਕਾਂਗਰਸ ਪਤੀ ਤੇ ਪਤਨੀ ਵਾਂਗ ਹਨ। ਉਨ੍ਹਾਂ ਇਲਜ਼ਾਮ ਲਗਾਇਆ ਕਿ ਪੀਐਮ ਮੋਦੀ ਤੇ ਕਾਂਗਰਸ ਲੀਡਰ ਅਹਿਮਦ ਪਟੇਲ ਮਿਲ ਕੇ ਕੰਮ ਕਰਦੇ ਹਨ। ਕੇਜਰੀਵਾਲ ਨੇ ਕਿਹਾ ਕਿ ਚੋਣਾਂ ਤੋਂ ਬਾਅਦ ਆਮ ਆਦਮੀ ਵਿਧਾਨ ਸਭਾ 'ਚ ਬੈਠਣਗੇ, ਨਾ ਕਿ ਕਾਂਗਰਸ ਤੇ ਬੀਜੇਪੀ ਦੇ ਮੈਂਬਰ।

ਪਿਛਲੇ ਸਾਲ ਪਟੇਲ ਭਾਈਚਾਰੇ ਦੇ ਲੋਕਾਂ ਤੇ ਪੁਲਿਸ 'ਚ ਹੋਈਆਂ ਹਿੰਸਕ ਝੜਪਾਂ ਦਾ ਜਿਕਰ ਕਰਦਿਆਂ ਉਨ੍ਹਾਂ ਕਿਹਾ, 26 ਅਗਸਤ 2015 ਨੂੰ ਕਿਸ ਨੇ ਪਾਟੀਦਾਰ ਰਾਖਵਾਂਕਰਨ ਅੰਦੋਲਨਕਾਰੀਆਂ ਤੇ ਗੋਲੀ ਚਲਾਉਣ ਦਾ ਹੁਕਮ ਦਿੱਤਾ ਸੀ। ਉਹ ਭਾਰਤ ਦੇ ਨਾਗਰਿਕ ਸਨ, ਨਾ ਕੇ ਅੱਤਵਾਦੀ। ਪੁਲਿਸ ਵੱਲੋਂ ਕੀਤੀ ਗੋਲੀਬਾਰੀ 'ਚ 14 ਲੋਕ ਮਾਰੇ ਗਏ। ਹਰ ਕੋਈ ਜਾਣਦਾ ਹੈ ਕਿ ਇਹ ਹੁਕਮ ਕਿਸ ਨੇ ਦਿੱਤਾ ਸੀ। ਇਹ ਅਮਿਤ ਸ਼ਾਹ ਸੀ।