ਨਵੀਂ ਦਿੱਲੀ: ਏਸੀਬੀ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖਿਲਾਫ ਐਫ.ਆਈ.ਆਰ. ਦਰਜ ਕੀਤੇ ਜਾਣ ਦੇ ਮੁੱਦੇ 'ਤੇ ਦਿੱਲੀ ਵਿਧਾਨ ਸਭਾ ਦਾ ਇੱਕ ਦਿਨਾਂ ਇਜਲਾਸ ਬੁਲਾਇਆ ਗਿਆ ਹੈ। ਦਿੱਲੀ 'ਚ ਕੈਬਨਿਟ ਮੀਟਿੰਗ ਤੋਂ ਬਾਅਦ ਮੀਡੀਆ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ। ਦਰਅਸਲ ਦਿੱਲੀ ਮਹਿਲਾ ਕਮਿਸ਼ਨ 'ਚ ਭਰਤੀ 'ਚ ਕਥਿਤ ਗੜਬੜੀ ਦੇ ਮਾਮਲੇ 'ਚ ਚੇਅਰਮੈਨ ਸਵਾਤੀ ਮਾਲੀਵਾਲ ਖਿਲਾਫ ਐਫ.ਆਈ.ਆਰ. 'ਚ ਏਸੀਬੀ ਨੇ ਕੇਜਰੀਵਾਲ ਦਾ ਵੀ ਨਾਮ ਜੋੜਿਆ ਹੈ।
ਕੇਜਰੀਵਾਲ ਨੇ ਹਵਾਲਾ ਰਾਹੀਂ ਪੈਸੇ ਦੇ ਲੈਣ-ਦੇਣ ਦੇ ਇਲਜ਼ਾਮਾਂ 'ਚ ਫਸੇ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੂੰ ਨਿਰਦੋਸ਼ ਦੱਸਦਿਆਂ ਇਸ ਮਾਮਲੇ 'ਚ ਵਿਧਾਨ ਸਭਾ 'ਚ ਵੱਡਾ ਖੁਲਾਸਾ ਕਰਨ ਦਾ ਦਾਅਵਾ ਕੀਤਾ ਹੈ। ਖਬਰਾਂ ਮੁਤਾਬਕ ਇਨਕਮ ਟੈਕਸ ਵਿਭਾਗ ਨੇ ਜੈਨ ਨੂੰ ਹਵਾਲਾ ਤੋਂ ਕਰੀਬ 17 ਕਰੋੜ ਰੁਪਏ ਦੇ ਲੈਣ-ਦੇਣ ਮਾਮਲੇ 'ਚ ਉਨ੍ਹਾਂ ਨੂੰ ਸੰਮਨ ਭੇਜ ਕੇ 4 ਅਕਤੂਬਰ ਨੂੰ ਪੇਸ਼ ਹੋਣ ਲਈ ਕਿਹਾ ਹੈ। ਇਨਕਮ ਟੈਕਸ ਦੀ ਜਾਂਚ 'ਚ ਜੈਨ 'ਤੇ ਕਥਿਤ ਤੌਰ 'ਤੇ ਚਾਰ ਕੰਪਨੀਆਂ ਨੂੰ ਗਲਤ ਤਰੀਕੇ 17 ਕਰੋੜ ਰੁਪਏ ਟਰਾਂਸਫਰ ਕਰਨ ਤੇ ਕੰਪਨੀਆਂ ਤੋਂ ਚੈੱਕ ਲੈਣ ਦਾ ਇਲਜ਼ਾਮ ਹੈ। ਹਾਲਾਂਕਿ ਜੈਨ ਨੇ ਇਨ੍ਹਾਂ ਸਾਰੇ ਇਲਜ਼ਾਮਾਂ ਨੂੰ ਗਲਤ ਕਰਾਰ ਦਿੱਤਾ ਹੈ।
ਜੈਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪਹਿਲਾਂ ਇਨ੍ਹਾਂ ਕੰਪਨੀਆਂ 'ਚ ਨਿਵੇਸ਼ ਕੀਤਾ, ਪਰ 2013 ਤੋਂ ਇਹਨਾਂ ਨਾਲ ਕੋਈ ਸਬੰਧ ਨਹੀਂ ਹੈ ਤੇ ਇਸ ਮਾਮਲੇ 'ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 2 ਦਿਨਾਂ ਅੰਦਰ ਵਿਧਾਨ ਸਭਾ 'ਚ ਵੱਡਾ ਖੁਲਾਸਾ ਕਰਨ ਵਾਲੇ ਹਨ। ਉਨ੍ਹਾਂ ਟੀ.ਵੀ. ਚੈਨਲਾਂ ਨੂੰ ਇਸ ਦਾ ਪ੍ਰਸਾਰਣ ਕਰਨ ਤੱਕ ਦੀ ਚਣੌਤੀ ਦੇ ਦਿੱਤੀ ਹੈ। ਜੈਨ ਦੇ ਸਮਰਥਨ 'ਚ ਕੇਜਰੀਵਾਲ ਨੇ ਟਵੀਟ ਕਰ ਨਿਰਦੋਸ਼ ਦੱਸਿਆ ਹੈ ਤੇ ਇਸ 'ਤੇ ਵੱਡਾ ਖੁਲਾਸਾ ਕਰਨ ਦਾ ਦਾਅਵਾ ਕੀਤਾ ਹੈ।