ਨਵੀਂ ਦਿੱਲੀ: ਦਿੱਲੀ ਦੀ 'ਆਪ' ਸਰਕਾਰ ਦੇ ਸਿਹਤ ਮੰਤਰੀ ਨੂੰ ਸੁਪਰੀਮ ਕੋਰਟ ਤੋਂ ਝਟਕਾ ਲੱਗਾ ਹੈ। ਸਿਹਤ ਮੰਤਰੀ ਸਤੇਂਦਰ ਜੈਨ ਨੂੰ 25 ਹਜ਼ਾਰ ਰੁਪਏ ਜ਼ੁਰਮਾਨਾ ਕੀਤਾ ਗਿਆ ਹੈ। ਇਹ ਜ਼ੁਰਮਾਨਾ ਡੇਂਗੂ ਤੇ ਚਿਕਨਗੁਣੀਆ ਮਾਮਲੇ 'ਚ ਹਲਫਨਾਮਾ ਦਾਇਰ ਨਾ ਕੀਤੇ ਜਾਣ ਕਾਰਨ ਲਾਇਆ ਗਿਆ ਹੈ।

ਇਸ ਤੋਂ ਪਹਿਲਾਂ, ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਨੇ ਸਤੇਂਦਰ ਜੈਨ ਵੱਲੋਂ ਦਾਇਰ ਹਲਫਨਾਮੇ 'ਚ ਹਾਲਾਤ ਲਈ ਅਫਸਰਾਂ ਨੂੰ ਜਿੰਮੇਦਾਰ ਠਹਿਰਾਉਣ ਕਾਰਨ ਸਖਤ ਇਤਰਾਜ਼ ਜਤਾਇਆ ਸੀ। ਕੋਰਟ ਦੀ ਨਰਾਜ਼ਗੀ ਨੂੰ ਦੇਖਦਿਆਂ ਦਿੱਲੀ ਦੇ ਵਕੀਲ ਨੇ ਸੀਲਬੰਦ ਲਿਫਾਫੇ 'ਚ ਅਧਿਕਾਰੀਆਂ ਦਾ ਨਾਮ ਦੱਸਣ ਦੀ ਗੱਲ ਕਹੀ ਸੀ ਪਰ ਕੋਰਟ ਨੇ ਇਸ ਨੂੰ ਮੰਨਣ ਤੋਂ ਇਨਕਾਰ ਕਰਦਿਆਂ ਕਿਹਾ ਸੀ,"ਇਹ ਬੇਹੱਦ ਗੰਭੀਰ ਇਲਜ਼ਾਮ ਹਨ। ਜਦ ਇਲਜ਼ਾਮ ਖੁੱਲ੍ਹੀ ਅਦਾਲਤ 'ਚ ਲਾਇਆ ਹੈ ਤਾਂ ਨਾਮ ਵੀ ਖੁੱਲ੍ਹੀ ਅਦਾਲਤ 'ਚ ਲੈਣੇ ਹੋਣਗੇ। ਤੁਸੀਂ ਕੱਲ੍ਹ ਤੱਕ ਹਲਫਨਾਮਾ ਦਾਇਰ ਕਰੋ।"

ਅੱਜ ਹਲਫਨਾਮਾ ਦਾਇਰ ਨਾ ਕੀਤੇ ਜਾਣ 'ਤੇ ਨਰਾਜ ਅਦਾਲਤ ਨੇ ਟਿੱਪਣੀ ਕੀਤੀ, "ਪਹਿਲਾਂ ਤੁਸੀਂ ਵੱਡੇ ਵੱਡੇ ਇਲਜ਼ਾਮ ਲਗਾਉਂਦੇ ਹੋ। ਫਿਰ ਹਲਫਨਾਮਾ ਦਾਇਰ ਨਹੀਂ ਕਰਦੇ। ਲੋਕ ਮਰ ਰਹੇ ਹਨ ਤੇ ਤੁਸੀਂ ਸਮਾਂ ਮੰਗ ਰਹੇ ਹੋ।" ਹਾਲਾਂਕਿ ਅਦਾਲਤ ਨੇ ਹਲਫਨਾਮਾ ਦਾਇਰ ਕਰਨ ਲਈ ਕੱਲ੍ਹ ਤੱਕ ਦਾ ਸਮਾਂ ਦੇ ਦਿੱਤਾ ਹੈ। ਪਰ, ਦਿੱਲੀ ਦੇ ਸਿਹਤ ਮੰਤਰੀ ਤੇ 25 ਹਜ਼ਾਰ ਰੁਪਏ ਜੁਰਮਾਨਾ ਲਾ ਦਿੱਤਾ ਹੈ।