ਸ਼ਓਪੁਰ: ਇੱਕ ਡਾਕਟਰ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਕੇ ਨਦੀ 'ਚ ਜਾ ਡਿੱਗੀ। ਹਾਦਸੇ ਸਮੇਂ ਡਾਕਟਰ ਨਾਲ ਉਸ ਦੀ ਧੀ ਤੇ ਦੋਹਤੀ ਵੀ ਸਨ ਤੇ ਉਹ ਕੋਟਾ ਤੋਂ ਘਰ ਜਾ ਰਹੇ ਸਨ। ਇਸ ਦਰਦਨਾਕ ਹਾਦਸੇ 'ਚ ਡਾਕਟਰ ਦੀ ਧੀ ਤੇ ਦੋਹਤੀ ਦੀ ਮੌਤ ਹੋ ਗਈ। ਜਦਕਿ ਉਹ ਖੁਦ ਕਿਸੇ ਤਰ੍ਹਾਂ ਬਚਣ 'ਚ ਕਾਮਯਾਬ ਰਿਹਾ। ਹਾਦਸੇ ਤੋਂ ਕਰੀਬ 7.5 ਘੰਟੇ ਬਾਅਦ ਦੋਵਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਦੋਵਾਂ ਲਾਸ਼ਾਂ ਨੂੰ ਮਗਰਮੱਛ ਘਟਨਾ ਵਾਲੀ ਥਾਂ ਤੋਂ ਕਰੀਬ ਢਾਈ ਸੌ ਮੀਟਰ ਦੂਰ ਲੈ ਗਏ ਸਨ। ਲਾਸ਼ਾਂ ਦਾ ਕੁਝ ਹਿੱਸਾ ਖਾਧਾ ਹੋਇਆ ਸੀ।


 

 

 

 

ਸ਼ਓਪੁਰ ਦੇ ਬੜੌਦਾ 'ਚ ਰਹਿਣ ਵਾਲੇ ਡਾਕਟਰ ਓਂਕਾਰ ਸਿੰਘ ਗਿੱਲ ਦੀ ਬਿਮਾਰ ਪਤਨੀ ਦਾ ਇਲਾਜ ਕੋਟਾ ਦੇ ਇੱਕ ਹਸਪਤਾਲ 'ਚ ਚੱਲ ਰਿਹਾ ਸੀ। ਗਿੱਲ ਆਪਣੀ ਧੀ ਮਨਦੀਪ ਕੌਰ ਤੇ ਦੋਹਤੀ ਹਰਪਲ ਕੌਰ ਨਾਲ ਪਤਨੀ ਨੂੰ ਮਿਲਕੇ ਰਾਤ ਵੇਲੇ ਘਰ ਪਰਤ ਰਹੇ ਸਨ। ਇਸ ਦੌਰਾਨ ਹਾਦਸਾ ਵਾਪਰ ਗਿਆ ਤੇ ਉਨ੍ਹਾਂ ਦੀ ਕਾਰ 22 ਫੁੱਟ ਹੇਠਾਂ ਅਹੇਲੀ ਨਦੀ 'ਚ ਜਾ ਡਿੱਗੀ। ਹਾਲਾਂਕਿ ਨਦੀ ਸਿਰਫ 8 ਫੁੱਟ ਹੀ ਡੂੰਘੀ ਸੀ। ਪਾਣੀ ਵੀ ਸ਼ਾਂਤ ਸੀ।

 

 

 

ਹਾਦਸੇ ਤੋਂ ਬਾਅਦ ਤਿੰਨੇ ਕਾਰ 'ਚੋਂ ਬਾਹਰ ਵੀ ਨਿਕਲ ਆਏ ਪਰ ਕਿਨਾਰੇ ਤੱਕ ਪਹੁੰਚਣ 'ਚ ਸਿਰਫ ਡਾਕਟਰ ਗਿੱਲ ਹੀ ਕਾਮਯਾਬ ਹੋਇਆ। ਉਸ ਦੀ 35 ਸਾਲਾ ਧੀ ਤੇ 12 ਸਾਲਾ ਦੋਹਤੀ ਨਦੀ 'ਚ ਹੀ ਫਸ ਗਈਆਂ। ਧੀ ਮਨਦੀਪ ਪਿਤਾ ਨੂੰ ਆਵਾਜ਼ਾਂ ਮਾਰ ਰਹੀ ਸੀ ਪਰ ਲਾਚਾਰ ਪਿਤਾ ਨਾ ਹੀ ਤੈਰਨਾ ਜਾਣਦਾ ਸੀ ਤੇ ਨਾ ਹੀ ਜ਼ਿਆਦਾ ਹਿੰਮਤ ਹੀ ਬਚੀ ਸੀ। ਅੱਖਾਂ ਸਾਹਮਣੇ ਧੀ ਤੇ ਦੋਹਤੀ ਪਾਣੀ 'ਚ ਜਾ ਸਮਾਈਆਂ।

 

 

 
ਹਾਦਸੇ ਬਾਰੇ ਪਤਾ ਲੱਗਦਿਆਂ ਹੀ ਆਸਪਾਸ ਦੇ ਲੋਕ ਮੌਕੇ 'ਤੇ ਪਹੁੰਚੇ। ਉਦੋਂ ਤੱਕ ਨਦੀ 'ਚ ਤੈਰ ਰਹੇ ਮਗਰਮੱਛ ਡਾ. ਗਿੱਲ ਦੀ ਧੀ ਤੇ ਦੋਹਤੀ ਦੀਆਂ ਲਾਸ਼ਾਂ ਨੂੰ ਆਪਣਾ ਸ਼ਿਕਾਰ ਬਣਾ ਚੁੱਕੇ ਸਨ। ਰਾਤ ਵੇਲੇ ਰੈਸਕੁਊ ਅਪ੍ਰੇਸ਼ਨ ਵੀ ਚਲਾਇਆ ਗਿਆ। ਕਾਰ ਬਾਹਰ ਵੀ ਕੱਢ ਲਈ ਗਈ। ਪਰ ਲਾਸ਼ਾਂ ਅਗਲੇ ਦਿਨ ਸਵੇਰੇ ਹੀ ਲੱਭੀਆਂ ਜਾ ਸਕੀਆਂ।