ਨਵੀਂ ਦਿੱਲੀ: ਦਾਦਰੀ ਕਾਂਡ ਦੇ ਇੱਕ ਮੁਲਜ਼ਮ ਦੀ ਮੌਤ ਹੋ ਗਈ ਹੈ। ਦਾਦਰੀ 'ਚ ਗਾਂ ਦੇ ਮਾਸ ਦੇ ਸ਼ੱਕ 'ਚ ਅਖਲਾਕ ਦੇ ਕਤਲ ਮਾਮਲੇ 'ਚ ਨਾਮਜਦ 22 ਸਾਲਾ ਰਵੀ ਦੀ ਦਿੱਲੀ ਦੇ ਇੱਕ ਹਸਪਤਾਲ 'ਚ ਮੌਤ ਹੋ ਗਈ ਹੈ। ਉਸ ਦੇ ਗੁਰਦਿਆਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਉਸ ਨੂੰ ਰਵੀ ਗੌਤਮ ਬੁੱਧ ਨਗਰ ਜੇਲ੍ਹ ਤੋਂ ਪਹਿਲਾਂ ਨੋਇਡਾ ਤੇ ਫਿਰ ਦਿੱਲੀ ਦੇ ਹਸਪਤਾਲ ਲਿਆਂਦਾ ਗਿਆ ਸੀ।
ਰਵੀ ਨੂੰ ਹਾਲਤ ਵਿਗੜਨ ਕਾਰਨ ਨੋਇਡਾ ਦੇ ਹਸਪਤਾਲ ਤੋਂ ਲੋਕ ਨਾਇ ਜੈਪ੍ਰਕਾਸ਼ ਹਸਪਤਾਲ ਲਿਆਂਦਾ ਗਿਆ ਸੀ। ਹਸਪਤਾਲ ਦੇ ਮੈਡੀਕਲ ਅਧਿਕਾਰੀਆਂ ਮੁਤਾਬਕ, "ਉਸ ਨੂੰ ਗੰਭੀਰ ਹਾਲਤ 'ਚ ਲਿਆਂਦਾ ਗਿਆ ਸੀ। ਉਸ ਦੇ ਗੁਰਦੇ ਕੰਮ ਨਹੀਂ ਕਰ ਰਹੇ ਸਨ, ਬਲੱਡ ਸ਼ੂਗਰ ਦਾ ਲੈਵਲ ਬਹੁਤ ਜਿਆਦਾ ਸੀ। ਬਾਅਦ 'ਚ ਉਸ ਦੀ ਮੌਤ ਹੋ ਗਈ।"
ਯੂਪੀ ਦੇ ਦਾਦਰੀ 'ਚ ਬਿਸਹੜਾ ਪਿੰਡ ਦੇ ਰਹਿਣ ਵਾਲੇ 52 ਸਾਲਾ ਮੁਹੰਮਦ ਅਖਲਾਕ ਨੂੰ ਪਿਛਲੇ ਸਾਲ ਭੀੜ ਨੇ ਕਥਿਤ ਤੌਰ 'ਤੇ ਗਊ ਦੇ ਮਾਸ ਦੇ ਸ਼ੱਕ 'ਚ ਕੁੱਟ-ਕੁੱਟ ਕੇ ਮਾਰ ਦਿੱਤਾ ਸੀ। ਇਸ ਤੋਂ ਬਾਅਦ ਕਾਫੀ ਰਾਜਨੀਤੀ ਗਰਮਾਈ ਤੇ ਸੰਪ੍ਰਦਾਇਕ ਤਣਾਅ ਵਧ ਗਿਆ ਸੀ।