ਪਣਜੀ: ਰੱਖਿਆ ਮੰਤਰੀ ਮਨੋਹਰ ਪਰੀਕਰ ਨੇ ਕਿਹਾ ਕਿ ਭਾਰਤੀ ਫੌਜ ਦੇਸ਼ ਦੇ ਦੁਸ਼ਮਣ ਨੂੰ ਸਬਕ ਸਿਖਾਉਣ ਲਈ ਕਾਹਲੀ ਹੈ ਤੇ ਉਹ ਸਰਕਾਰ ਤੋਂ ਇਜਾਜ਼ਤ ਮਿਲਣ ਦੇ ਇੰਤਜ਼ਾਰ 'ਚ ਹੈ। ਪਰਿਕਰ ਨੇ ਵਾਸਕੋ ਇਲਾਕੇ 'ਚ ਬੀਜੇਪੀ ਦੀ ਚੋਣ ਰੈਲੀ 'ਚ ਕਿਹਾ, "ਫੌਜ ਦਾ ਹੌਂਸਲਾ ਵਧਿਆ ਹੈ। ਫੌਜ ਸਾਡੇ ਦੁਸ਼ਮਣ ਨੂੰ ਸਬਕ ਸਿਖਾਉਣਾ ਚਾਹੁੰਦੀ ਹੈ। ਉਹ ਸਿਰਫ ਸਰਕਾਰ ਤੋਂ ਇਜਾਜ਼ਤ ਮਿਲਣ ਦੇ ਇੰਤਜ਼ਾਰ 'ਚ ਹੈ, ਅਸੀਂ 2-3 ਵਾਰ ਇਜਾਜ਼ਤ ਦਿੱਤੀ ਹੈ।"

ਰੱਖਿਆ ਮੰਤਰੀ ਪਰਿਕਰ ਦਾ ਇਹ ਬਿਆਨ ਉਸ ਵੇਲੇ ਆਇਆ ਹੈ ਜਦ ਕੁੱਝ ਦਿਨ ਪਹਿਲਾਂ ਪਾਕਿਸਤਾਨ ਨੇ ਭਾਰਤ ਦੀ ਸਰਹੱਦ ਨਾਲ ਲੱਗਦੇ ਪੱਛਮੀ ਪੰਜਾਬ 'ਚ ਫੌਜੀ ਪਰੀਖਣ ਕੀਤਾ ਹੈ ਤੇ ਪਾਕਿ ਪ੍ਰਧਾਨਮੰਤਰੀ ਨਵਾਜ ਸ਼ਰੀਫ ਨੇ ਕਿਹਾ ਸੀ ਕਿ ਕਿਸੇ ਵੀ ਹਮਲੇ ਦਾ ਮੁੰਹਤੋੜ ਜਵਾਬ ਦਿੱਤਾ ਜਵੇਗਾ।

ਪਰਿਕਰ ਨੇ ਕਿਹਾ, "ਅਸੀਂ ਆਪਣੇ ਦੁਸ਼ਮਣ ਨੂੰ ਦੱਸਣਾ ਚਾਹੁੰਦੇ ਹਾਂ ਕਿ ਜੇਕਰ ਉਹ ਸਾਨੂੰ ਘੂਰਣਗੇ ਤਾਂ ਅਸੀਂ ਉਨ੍ਹਾਂ ਨੂੰ ਉਸ ਤੋਂ ਵੀ ਵੱਡੀਆਂ ਅੱਖਾਂ ਨਾਲ ਘੂਰ ਸਕਦੇ ਹਾਂ।" ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਸਰਹੱਦਾਂ ਸੁਰੱਖਿਅਤ ਹਨ ਤੇ ਕੋਈ ਵੀ ਭਾਰਤ 'ਤੇ ਹਮਲੇ ਦੀ ਹਿੰਮਤ ਨਹੀਂ ਕਰ ਸਕਦਾ।