ਨਵੀਂ ਦਿੱਲੀ: ਨੋਟਬੰਦੀ ਤੋਂ ਬਾਅਦ ਆਪਣਾ ਕਾਲਾ ਧਨ ਵਾਈਟ ਕਰਨ ਦੀਆਂ ਕੋਸ਼ਿਸ਼ਾਂ ਕਰਨ ਵਾਲਿਆਂ ਦੀ ਤੇ ਉਨ੍ਹਾਂ ਦੀ ਮਦਦ ਕਰਨ ਵਾਲਿਆਂ ਦੀ ਵੀ ਹੁਣ ਖੈਰ ਨਹੀਂ। ਵਿੱਤ ਮੰਤਰਾਲੇ ਨੇ ਉਨ੍ਹਾਂ ਲੋਕਾਂ ਨੂੰ ਖਾਸ ਚੇਤਾਵਨੀ ਦਿੱਤੀ ਹੈ ਜਿਹੜੇ ਆਪਣਾ ਕਾਲਾ ਧਨ ਕਿਸੇ ਹੋਰ ਦੇ ਖਾਤੇ 'ਚ ਜਮਾਂ ਕਰਵਾ ਰਹੇ ਹਨ, ਜਾਂ ਅਜਿਹੀ ਕੋਸ਼ਿਸ਼ 'ਚ ਹਨ। ਮੰਤਰਾਲੇ ਨੇ ਕਿਹਾ ਹੈ ਕਿ ਇਸ ਮਾਮਲੇ ਚ ਉਹ ਵਿਅਕਤੀ ਵੀ ਕਾਰਵਾਈ ਦੇ ਦਾਇਰੇ 'ਚ ਹੋਵੇਗਾ, ਜਿਸ ਦੇ ਖਾਤੇ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ।


ਵਿੱਤ ਮੰਤਰਾਲੇ ਨੇ ਇੱਕ ਟਵੀਟ ਕਰ ਕਿਹਾ, "ਕੁੱਝ ਲੋਕਾਂ ਵੱਲੋਂ ਆਪਣੇ ਕਾਲੇ ਧਨ ਨੂੰ ਦੂਸਰੇ ਦੇ ਖਾਤਿਆਂ 'ਚ ਜਮਾਂ ਕਰਵਾ ਕੇ ਟੈਕਸ ਬਚਾਉਣ ਦੀ ਕੋਸ਼ਿਸ਼ ਹੀ ਆਮਦਨ ਤੇ ਕਰ ਵਿਭਾਗ ਦੇ ਜੁਰਮਾਨੇ ਦਾ ਕਾਰਨ ਬਣੇਗੀ। ਵਿੱਤ ਮੰਤਰਾਲੇ ਦੇ ਪ੍ਰੈਸ ਨੋਟ 'ਚ ਕਿਹਾ ਗਿਆ ਹੈ, "ਇਹ ਸਾਫ ਕੀਤਾ ਜਾ ਰਿਹਾ ਹੈ ਕਿ ਟੈਕਸ ਬਚਾਉਣ ਦੀ ਅਜਿਹੀ ਕਾਰਵਾਈ ਜੁਰਮਾਨੇ ਦਾ ਕਾਰਨ ਬਣੇਗੀ, ਜਿਸ ਤੋਂ ਸਾਬਤ ਹੋ ਜਾਏਗਾ ਕਿ ਖਾਤੇ 'ਚ ਜਮਾਂ ਰਕਮ ਖਾਤਾ ਧਾਰਕ ਦੀ ਨਾ ਹੋ ਕੇ ਕਿਸੇ ਹੋਰ ਵਿਅਕਤੀ ਦੀ ਹੈ। ਇਸ ਦੇ ਨਾਲ ਹੀ ਉਸ ਦੇ ਖਿਲਾਫ ਵੀ ਕਾਰਵਾਈ ਹੋਵੇਗੀ, ਜਿਸ ਦੇ ਖਾਤੇ ਦੀ ਵਰਤੋਂ ਕੀਤੀ ਗਈ ਹੈ।"