ਦੇਸ਼ ਦਾ ਸਭ ਤੋਂ ਉੱਚਾ ਰਾਵਣ
ਏਬੀਪੀ ਸਾਂਝਾ | 11 Oct 2016 04:49 PM (IST)
ਅੰਬਾਲਾ: ਦੇਸ਼ ਦੇ ਸਭ ਤੋਂ ਉੱਚੇ ਰਾਵਣ ਦਹਿਨ ਦਾ ਨਵਾਂ ਰਿਕਾਰਡ ਅੱਜ ਫਿਰ ਬਣਨ ਜਾ ਰਿਹਾ ਹੈ। ਹਰਿਆਣਾ ਦੇ ਅੰਬਾਲਾ ਜਿਲ੍ਹੇ ਦੇ ਕਸਬਾ ਬਰਾੜਾ 'ਚ 210 ਫੁੱਟ ਉੱਚਾ ਰਾਵਣ ਬਣਾਇਆ ਗਿਆ ਹੈ। ਇਸ ਰਾਵਣ ਦਹਿਨ ਦਾ ਅਯੋਜਨ ਕਰਨ ਵਾਲੀ ਸਥਾਨਕ ਰਾਮ ਲੀਲਾ ਕਮੇਟੀ ਇਸ ਤੋਂ ਪਹਿਲਾਂ ਸਭ ਤੋਂ ਉੱਚੇ ਰਾਵਣ ਬਣਾਉਣ ਦੇ ਚੱਲਦੇ 5 ਵਾਰ ਲਿਮਕਾ ਬੁੱਕ 'ਚ ਨਾਮ ਦਰਜ ਕਰਵਾ ਚੁੱਕੀ ਹੈ। ਇਥੋਂ ਦਾ ਰਿਕਾਰਡ ਅੱਜ ਤੱਕ ਕੋਈ ਵੀ ਨਹੀਂ ਤੋੜ ਸਕਿਆ ਹੈ। ਬਰਾੜਾ ਦੇ ਇਸ ਰਾਵਣ ਦਹਿਨ ਨੂੰ ਦੇਖਣ ਲਈ ਹਰਿਆਣਾ ਤੋਂ ਇਲਾਵਾ ਪੰਜਾਬ, ਹਿਮਾਚਲ, ਉੱਤਰ ਪ੍ਰਦੇਸ਼ ਤੇ ਦਿੱਲੀ ਤੱਕ ਦੇ ਲੋਕ ਆਉਂਦੇ ਹਨ। ਕਮੇਟੀ ਮੁਤਾਬਕ ਇਸ ਪੁਤਲੇ 'ਤੇ ਕਰੀਬ 25 ਲੱਖ ਰੁਪਏ ਦਾ ਖਰਚ ਆਇਆ ਹੈ। ਕਰੀਬ 40 ਕਾਰੀਗਰ 8 ਮਹੀਨੇ 'ਚ ਇਸ ਨੂੰ ਤਿਆਰ ਕਰਦੇ ਹਨ। ਰਾਵਣ ਨੂੰ ਤਿਆਰ ਕਰਨ 'ਤੇ 35 ਕੁਇੰਟਲ ਲੋਹਾ, 20 ਕੁਇੰਟਲ ਬਾਂਸ ਤੇ ਚਿਹਰਾ ਬਣਾਉਣ ਲਈ ਫਾਈਬਰ ਗਲਾਸ ਦੀ ਵਰਤੋਂ ਕੀਤੀ ਜਾਂਦੀ ਹੈ।