ਨਵੀਂ ਦਿੱਲੀ: ਨੋਟਬੰਦੀ ਤੋਂ ਬਾਅਦ ਦੇਸ਼ ਭਰ ਦੀਆਂ ਬੈਂਕਾਂ 'ਚ ਨੋਟ ਬਦਲਾਉਣ ਵਾਲਿਆਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ। ਅਜਿਹੇ 'ਚ ਲੋਕਾਂ ਨੂੰ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰ ਹੁਣ ਸਰਕਾਰ ਨੇ ਇਸ ਸਮੱਸਿਆ ਨਾਲ ਨਜਿੱਠਣ ਲਈ ਨਵਾਂ ਰਾਹ ਲੱਭਿਆ ਹੈ। ਹੁਣ ਬੈਂਕ 'ਚ ਕਰੰਸੀ ਬਦਲਾਉਣ ਲਈ ਜਾਣ ਵਾਲੇ ਸ਼ਖਸ ਦੀ ਉਂਗਲੀ 'ਤੇ ਸਿਆਹੀ ਦਾ ਨਿਸ਼ਾਨ ਲਗਾਇਆ ਜਾਏਗਾ, ਤਾਂ ਕਿ ਉਹ ਵਾਰ ਵਾਰ ਬੈਂਕ ਨਾ ਜਾ ਸਕੇ। ਸਰਕਾਰ ਦਾ ਤਰਕ ਹੈ ਕਿ ਕੁੱਝ ਲੋਕ ਹੀ ਵਾਰ ਵਾਰ ਬੈਂਕ 'ਚ ਪੈਸੇ ਬਦਲਾਉਣ ਲਈ ਜਾ ਰਹੇ ਹਨ। ਇਸ ਕਾਰਨ ਹੀ ਬੈਂਕਾਂ 'ਚ ਵੱਡੀਆਂ ਲਾਈਨਾਂ ਲੱਗ ਰਹੀਆਂ ਹਨ।
ਦੇਸ਼ ਦੇ ਆਰਥਿਕ ਮਾਮਲਿਆਂ ਦੇ ਸਕੱਤਰ ਸ਼ਸ਼ੀਕਾਤ ਦਾਸ ਨੇ ਕਿਹਾ, "ਜਿਹੋ ਜਿਹੀ ਸਿਆਹੀ ਵੋਟ ਪਾਉਣ ਵੇਲੇ ਉਂਗਲ 'ਤੇ ਲਾਈ ਜਾਂਦੀ ਹੈ, ਉਹੋ ਜਿਹੀ ਹੀ ਸਿਆਹੀ ਨੋਟ ਬਦਲਾਉਣ ਵਾਲੇ ਸ਼ਖਸ ਦੀ ਉਂਗਲ 'ਤੇ ਵੀ ਲਗਾਈ ਜਾਏਗੀ। ਇਸ ਸਿਆਹੀ ਨੂੰ ਅਸਾਨੀ ਨਾਲ ਹਟਾਇਆ ਨਹੀਂ ਜਾ ਸਕੇਗਾ।" ਸਰਕਾਰ ਦਾ ਕਹਿਣਾ ਹੈ ਕਿ ਇਸ ਨਾਲ ਇਹ ਫਾਇਦਾ ਹੋਵੇਗਾ ਕਿ ਇੱਕ ਵਿਅਕਤੀ ਵਾਰ ਵਾਰ ਲਾਈਨ 'ਚ ਨਹੀਂ ਲੱਗੇਗਾ। ਸਰਕਾਰ ਦਾ ਕਹਿਣਾ ਹੈ ਕਿ ਕਈ ਥਾਵਾਂ 'ਤੇ ਇਹ ਦੇਖਣ ਨੂੰ ਮਿਲਿਆ ਹੈ ਕਿ ਇੱਕ ਹੀ ਵਿਅਕਤੀ ਵੱਖ-ਵੱਖ ਬੈਂਕਾਂ 'ਚ ਜਾ ਕੇ ਨੋਟ ਬਦਲ ਰਿਹਾ ਹੈ। ਇਸ ਨੂੰ ਦੇਖਦਿਆਂ ਹੀ ਇਹ ਕਦਮ ਚੁੱਕਿਆ ਗਿਆ ਹੈ। ਲੋਕ ਨੋਟ ਬਦਲਾਉਣ ਦੇ ਧੰਦੇ 'ਚ ਹੀ ਲੱਗ ਗਏ ਹਨ ਤੇ ਇਸ ਦੇ ਚੱਲਦੇ ਆਮ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।