ਨਵੀਂ ਦਿੱਲੀ: ਨੋਟਬੰਦੀ ਕਾਰਨ ਲੋਕਾਂ ਨੂੰ ਆ ਰਹੀ ਮੁਸ਼ਕਲ ਨੂੰ ਦੇਖਦੇ ਹੋਏ ਸਰਕਾਰ ਨੇ ਰਾਸ਼ਟਰੀ ਮਾਰਗਾਂ 'ਤੇ ਪੈਂਦੇ ਟੋਲ ਪਲਾਜ਼ਾ 18 ਨਵੰਬਰ ਰਾਤ 12 ਵਜੇ ਤੱਕ ਮੁਫ਼ਤ ਕਰਨ ਦਾ ਐਲਾਨ ਕੀਤਾ ਹੈ। ਟੋਲ ਪਲਾਜ਼ਾ ਤੋਂ ਮੁਫ਼ਤ ਲਾਂਘੇ ਦੀ ਮਿਆਦ ਪਹਿਲਾਂ 14 ਨਵੰਬਰ ਤੱਕ ਸੀ ਪਰ ਲੋਕਾਂ ਦੀਆਂ ਦਿੱਕਤਾਂ ਦੇ ਮੱਦੇਨਜ਼ਰ ਸਰਕਾਰ ਨੇ ਇਸ ਨੂੰ ਵਧਾ ਕੇ 18 ਨਵੰਬਰ ਤੱਕ ਕਰ ਦਿੱਤਾ ਹੈ।

ਯਾਦ ਰਹੇ ਕਿ ਅੱਠ ਨਵੰਬਰ ਨੂੰ ਜਦੋਂ ਸਰਕਾਰ ਨੇ ਦੇਸ਼ ਵਿੱਚ ਨੋਟਬੰਦੀ ਦਾ ਐਲਾਨ ਕੀਤਾ ਤਾਂ ਹਾਈਵੇ ਉੱਤੇ ਟੋਲ ਕਰਮੀਆਂ ਨੇ ਪੰਜ ਸੌ ਤੇ ਇੱਕ ਹਜ਼ਾਰ ਦੇ ਨੋਟ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਕਾਰਨ ਹਾਈਵੇ ਉੱਤੇ ਲੰਮੀਆਂ ਲੰਮੀਆਂ ਲਾਈਨਾਂ ਲੱਗ ਗਈਆਂ ਸਨ।

ਸਰਕਾਰ ਨੇ ਹਾਲਤ ਨੂੰ ਦੇਖਦੇ ਹੋਏ ਪਹਿਲਾਂ 11 ਨਵੰਬਰ ਤੱਕ ਟੋਲ ਫ਼ਰੀ ਕੀਤੇ ਸਨ। ਇਸ ਤੋਂ ਬਾਅਦ ਸਥਿਤੀ ਲਗਾਤਾਰ ਖ਼ਰਾਬ ਹੁੰਦੀ ਇਹ ਤਾਰੀਖ਼ 14 ਨਵੰਬਰ ਕਰ ਦਿੱਤੀ ਗਈ ਪਰ ਸਰਕਾਰ ਨੇ ਲੋਕਾਂ ਦੀਆਂ ਦਿੱਕਤਾਂ ਨੂੰ ਦੇਖਦੇ ਹੋਏ ਹੁਣ 18 ਨਵੰਬਰ ਤੱਕ ਟੋਲ ਫ਼ਰੀ ਕਰਨ ਦਾ ਐਲਾਨ ਕੀਤਾ ਹੈ।