ਨਵੀਂ ਦਿੱਲੀ: ਸਰਕਾਰ ਨੇ ਨੋਟਬੰਦੀ ਕਾਰਨ ਪ੍ਰੇਸ਼ਾਨ ਲੋਕਾਂ ਦੀਆਂ ਦਿੱਕਤਾਂ ਨੂੰ ਸਮਝਦੇ ਹੋਏ ਏਅਰ ਫੋਰਸ ਰਾਹੀਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਕੈਸ਼ ਪਹੁੰਚਾਉਣ ਦਾ ਫ਼ੈਸਲਾ ਲਿਆ ਹੈ। ਨੋਟਬੰਦੀ ਦੇ ਛੇ ਦਿਨ ਬਾਅਦ ਵੀ ਲੋਕਾਂ ਦੀਆਂ ਦਿੱਕਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਖ਼ਾਸ ਤੌਰ ਉੱਤੇ ਪੇਂਡੂ ਇਲਾਕਿਆਂ ਵਿੱਚ ਕੈਸ਼ ਅਜੇ ਤੱਕ ਨਹੀਂ ਪਹੁੰਚਿਆ ਜਿਸ ਕਾਰਨ ਸਰਕਾਰ ਨੇ ਹੁਣ ਏਅਰ ਫੋਰਸ ਦੀ ਮਦਦ ਲੈਣ ਦਾ ਫੈਸਲਾ ਕੀਤਾ ਹੈ। ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਉਤਸਵ ਮੌਕੇ ਉੱਤੇ ਸਰਕਾਰੀ ਛੁੱਟੀ ਹੋਣ ਕਾਰਨ ਅੱਜ ਬੈਂਕ ਬੰਦ ਹਨ। ਇਸ ਕਾਰਨ ਲੋਕਾਂ ਹੋਰ ਜ਼ਿਆਦਾ ਪ੍ਰੇਸ਼ਾਨ ਹੋ ਰਹੇ ਹਨ। ਬੈਂਕ ਬੰਦ ਹੋਣ ਕਾਰਨ ਲੋਕਾਂ ਨੂੰ ਹੁਣ ATM's ਦਾ ਹੀ ਸਹਾਰਾ ਹੈ ਪਰ ਇਨ੍ਹਾਂ ਵਿੱਚੋਂ ਜ਼ਿਆਦਾਤਰ ਵਿੱਚ ਕੈਸ਼ ਨਾ ਹੋਣ ਕਾਰਨ ਉਨ੍ਹਾਂ ਨੂੰ ਕਈ ਘੰਟੇ ਲਾਈਨਾਂ ਵਿੱਚ ਲੱਗ ਕੇ ਇੰਤਜ਼ਾਰ ਕਰਨਾ ਪੈ ਰਿਹਾ ਹੈ। ਸਰਕਾਰ ਨੇ ਹੁਣ ATM's ਵਿੱਚੋਂ ਪੈਸੇ ਕਢਵਾਉਣ ਦੀ ਸੀਮਾ ਵੀ ਵਧਾ ਦਿੱਤੀ ਹੈ। ਇਸ ਦੇ ਨਾਲ ਹੀ 24 ਨਵੰਬਰ ਤੱਕ 500 ਤੇ 1000 ਰੁਪਏ ਦੇ ਪੁਰਾਣੇ ਨੋਟ ਕੁਝ ਚੋਣਵੀਆਂ ਥਾਵਾਂ ਉੱਤੇ ਚੱਲਣਗੇ। ਹਸਪਤਾਲਾਂ, ਰੇਲਵੇ ਸਟੇਸ਼ਨਾਂ, ਪੈਟਰੋਲ ਪੰਪ, ਮੈਟਰੋ, ਹਵਾਈ ਯਾਤਰਾ ਲਈ ਪੁਰਾਣੇ ਨੋਟ ਹੁਣ 24 ਨਵੰਬਰ ਤੱਕ ਚੱਲਣਗੇ। ਪਾਣੀ-ਬਿਜਲੀ ਦਾ ਬਿੱਲ, ਡੇਅਰੀ ਤੋਂ ਦੁੱਧ ਪੁਰਾਣੇ ਨੋਟਾਂ ਰਾਹੀਂ ਖ਼ਰੀਦਿਆ ਜਾ ਸਕਦਾ ਹੈ।