ਲਖਨਊ: ਉੱਤਰ ਪ੍ਰਦੇਸ਼ 'ਚ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਬਾਲੀਵੁੱਡ ਅਭਿਨੇਤਰੀ ਰਾਖੀ ਸਾਵੰਤ ਨੇ ਵੱਡਾ ਐਲਾਨ ਕੀਤਾ ਹੈ। ਰਾਖੀ ਇਹਨਾਂ ਚੋਣਾਂ 'ਚ ਬੀਐਸਪੀ ਸੁਪਰੀਮੋ ਕੁਮਾਰੀ ਮਾਇਆਵਤੀ ਖਿਲਾਫ ਚੋਣ ਲੜੇਗੀ। ਮੋਦੀ ਸਰਕਾਰ 'ਚ ਮੰਤਰੀ ਤੇ ਆਰਪੀਆਈ ਅਠਾਵਲੇ ਜਥੇਬੰਦੀ ਦੇ ਪ੍ਰਧਾਨ ਰਾਮਦਾਸ ਅਠਾਲਵੇ ਨੇ ਕਿਹਾ ਹੈ ਕਿ ਯੂਪੀ ਵਿਧਾਨਸਭਾ ਚੋਣਾਂ 'ਚ ਬੀਐਸਪੀ ਸੁਪਰੀਮੋ ਮਾਇਆਵਤੀ ਜਿਹੜੀ ਵੀ ਸੀਟ ਤੋਂ ਚੋਣ ਲੜੇਗੀ, ਰਾਖੀ ਸਾਵੰਤ ਨੂੰ ਉਨ੍ਹਾਂ ਦੇ ਮੁਕਾਬਲੇ 'ਚ ਖੜਾ ਕੀਤਾ ਜਾਵੇਗਾ। ਜੇਕਰ ਮਾਇਆਵਤੀ ਚੋਣ ਨਹੀਂ ਲੜੇਗੀ ਤਾਂ ਰਾਖੀ ਪੂਰੇ ਯੂਪੀ 'ਚ ਬੀਐਸਪੀ ਖਿਲਾਫ ਪ੍ਰਚਾਰ ਕਰੇਗੀ।
ਰਾਖੀ ਸਾਵੰਤ ਆਰਪੀਆਈ ਅਠਾਵਲੇ ਜਥੇਬੰਦੀ ਦੇ ਮਹਿਲਾ ਵਿੰਗ ਦੀ ਪ੍ਰਧਾਨ ਹੈ ਤੇ ਉਸ ਨੇ ਮਾਇਆਵਤੀ ਨੂੰ ਸਿੱਧੀ ਟੱਕਰ ਦੇਣ ਦੀ ਇੱਛਾ ਜਤਾਈ ਸੀ। ਫਿਲਮੀ ਪਰਦੇ ਤੇ ਟੀਵੀ ਦੀ ਦੁਨੀਆਂ 'ਚ ਆਪਣੀ ਅਦਾਕਾਰੀ ਦਾ ਜਲਵਾ ਬਿਖੇਰਨ ਵਾਲੀ ਰਾਖੀ 2014 'ਚ ਆਪਣੀ ਪਾਰਟੀ ਬਣਾ ਕੇ ਉੱਤਰ ਪੱਛਮੀ ਮੁੰਬਈ ਤੋਂ ਚੋਣ ਲੜ ਚੁੱਕੀ ਹੈ। ਪਰ ਇਸ ਚੋਣ 'ਚ ਉਸ ਦੀ ਜ਼ਮਾਨਤ ਜ਼ਬਤ ਹੋ ਗਈ ਸੀ।

ਮਹਾਂਰਾਸ਼ਟਰ 'ਚ ਦਲਿਤ ਵੋਟਰਾਂ 'ਤੇ ਮਜਬੂਤ ਪਕੜ ਰੱਖਣ ਵਾਲੇ ਰਾਮਦਾਸ ਅਠਾਲਵੇ ਰਾਖੀ ਸਾਵੰਤ ਰਾਹੀਂ ਯੂਪੀ 'ਚ ਸਿਆਸੀ ਵਾਰ ਕਰਨਾ ਚਾਹੁੰਦੇ ਹਨ। ਰਾਖੀ ਹਰ ਰੋਜ ਆਪਣੇ ਬਿਆਨਾਂ ਕਾਰਨ ਸੁਰਖੀਆਂ ਬਟੋਰ ਮਾਇਆਵਤੀ ਦਾ ਵੋਟ ਬੈਂਕ ਕਮਜੋਰ ਕਰ ਸਕਦੀ ਹੈ।