ਨਵੀਂ ਦਿੱਲੀ: ਭਾਰਤ ਵੱਲੋਂ ਸਿੰਧੂ ਨਦੀ ਦਾ ਪਾਣੀ ਰੋਕਣ ਦੀਆਂ ਖਬਰਾਂ ਆਉਣ 'ਤੇ ਪਾਕਿਸਤਾਨ ਹੜਬੜਾ ਗਿਆ ਹੈ। ਪਾਕਿਸਤਾਨ ਨੇ ਚੀਨ ਦੇ ਦਮ 'ਤੇ ਫੋਕੀ ਬੜਕ ਮਾਰਦਿਆਂ ਕਿਹਾ ਹੈ ਕਿ ਜੇਕਰ ਭਾਰਤ ਨੇ ਸਿੰਧੂ ਨਦੀ ਦਾ ਪਾਣੀ ਰੋਕਿਆ ਤਾਂ ਚੀਨ ਬ੍ਰਹਮਪੁੱਤਰ ਨਦੀ ਦਾ ਪਾਣੀ ਰੋਕ ਦੇਵੇਗਾ। ਦਰਅਸਲ ਪੀਐਮ ਮੋਦੀ ਨੇ ਦੋ ਦਿਨ ਪਹਿਲਾਂ ਮਾਹਿਰਾਂ ਤੇ ਅਧਿਕਾਰੀਆਂ ਨਾਲ ਸਿੰਧੂ ਨਦੀ ਦੇ ਪਾਣੀ ਨੂੰ ਲੈ ਕੇ ਮੀਟਿੰਗ ਕੀਤੀ ਸੀ। ਪਾਕਿਸਤਾਨੀ ਅਧਿਕਾਰੀ ਇਸ ਮੁੱਦੇ 'ਤੇ ਵਿਸ਼ਵ ਬੈਂਕ ਤੱਕ ਗੁਹਾਰ ਲਾਉਣ ਪਹੁੰਚ ਗਏ ਹਨ।
ਪੀ.ਐਮ. ਮੋਦੀ ਨੇ ਸਿੰਧੂ ਨਦੀ ਸਮਝੌਤੇ ਨੂੰ ਲੈ ਕੇ ਬੁਲਾਈ ਮੀਟਿੰਗ 'ਚ ਕਿਹਾ ਸੀ ਕਿ ਖੂਨ ਦੇ ਨਾਲ ਪਾਣੀ ਨਹੀਂ ਵਹਿਗਾ। ਪੀਐਮ ਮੋਦੀ ਦੀ ਇਸ ਪਲਾਨਿੰਗ ਨਾਲ ਪਾਕਿਸਤਾਨ ਇੰਨਾ ਹਿੱਲ ਗਿਆ ਹੈ ਕਿ ਅਜੀਬੋ-ਗਰੀਬ ਬਿਆਨ ਦੇਣ ਲੱਗਾ ਹੈ। ਪਾਕਿਸਤਾਨ 'ਚ ਵਿਦੇਸ਼ ਮਾਮਲਿਆਂ ਦੇ ਸਲਾਹਕਾਰ ਸਰਤਾਜ ਅਜੀਜ਼ ਨੇ ਕੱਲ੍ਹ ਨੈਸ਼ਨਲ ਅਸੈਂਬਲੀ 'ਚ ਸਿੰਧੂ ਨਦੀ ਦਾ ਬਦਲਾ ਬ੍ਰਹਮਪੁੱਤਰ ਤੋਂ ਲੈਣ ਦੀ ਧਮਕੀ ਦਿੱਤੀ। ਬ੍ਰਹਮਪੁੱਤਰ ਨਾਲ ਪਾਕਿਸਤਾਨ ਦਾ ਕੋਈ ਲੈਣਾ-ਦੇਣਾ ਨਹੀਂ ਪਰ ਚੀਨ ਤੇ ਪਾਕਿਸਤਾਨ 'ਚ ਮਤਲਬ ਦੀ ਯਾਰੀ ਹੈ। ਇਸ ਲਈ ਪਾਕਿਸਤਾਨ ਇਸ 'ਤੇ ਛਾਲਾਂ ਮਾਰ ਰਿਹਾ ਹੈ।
ਚੀਨ ਤੋਂ ਨਿਕਲਣ ਵਾਲੀ ਬ੍ਰਹਮਪੁੱਤਰ ਨਦੀ ਭਾਰਤ 'ਚ ਅਸਾਮ ਹੁੰਦਿਆਂ ਬੰਗਲਾਦੇਸ਼ 'ਚ ਵਗਦੀ ਹੈ। ਇਸ ਦੀ ਲੰਬਾਈ 3 ਹਜ਼ਾਰ ਕਿ.ਮੀ. ਹੈ। ਬ੍ਰਹਮਪੁੱਤਰ 'ਤੇ ਬੰਨ੍ਹ ਨੂੰ ਲੈ ਕੇ ਪਹਿਲਾਂ ਹੀ ਭਾਰਤ ਤੇ ਚੀਨ 'ਚ ਵਿਵਾਦ ਚੱਲ ਰਿਹਾ ਹੈ। ਹਾਲਾਂਕਿ ਤਾਜ਼ਾ ਵਿਵਾਦ 'ਚ ਚੀਨ ਪਾਕਿਸਤਾਨ ਤੋਂ ਹੱਥ ਛੁਡਾ ਚੁੱਕਾ ਹੈ। ਇਸ ਲਈ ਇਸ ਮਾਮਲੇ 'ਚ ਚੀਨ ਕਿੰਨੀ ਗਹਿਰੀ ਤੱਕ ਉੱਤਰੇਗਾ, ਕਹਿਣਾ ਮੁਸ਼ਕਲ ਹੈ।