ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ ਇੱਕ ਵਾਰ ਫਿਰ ਸ਼ਰਮਸਾਰ ਹੋਈ ਹੈ। ਦਿੱਲੀ 'ਚ ਦੋ ਕੁੜੀਆਂ ਨਾਲ ਉਨ੍ਹਾਂ ਦੇ ਦੋਸਤਾਂ ਸਾਹਮਣੇ ਗੈਂਗਰੇਪ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸ਼ਰਮਨਾਕ ਵਾਰਦਾਤ ਨੂੰ ਉਸ ਵੇਲੇ ਅੰਜਾਮ ਦਿੱਤਾ ਗਿਆ ਜਦ ਉਹ ਪਾਰਕ 'ਚ ਘੁੰਮਣ ਗਏ ਸਨ। ਪੀੜਤਾਂ ਦੀ ਸ਼ਿਕਾਇਤ ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਮਾਮਲੇ ਦੇ 4 ਮੁਲਜ਼ਮਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ।
ਪੁਲਿਸ ਮੁਤਾਬਕ ਇਹ ਕੁੜੀਆਂ ਦਿੱਲੀ ਦੇ ਅਮਨ ਵਿਹਾਰ ਦੀਆਂ ਰਹਿਣ ਵਾਲੀਆਂ ਹਨ। 17-18 ਸਾਲ ਉਮਰ ਦੀਆਂ ਇਹ ਦੋਵੇਂ ਕੁੜੀਆਂ ਫੈਕਟਰੀ 'ਚ ਕੰਮ ਕਰਦੀਆਂ ਹਨ। ਡੀਸੀਪੀ ਆਊਟਰ ਦਿੱਲੀ ਵਿਕਰਮਜੀਤ ਸਿੰਘ ਨੇ ਦੱਸਿਆ ਕਿ, "ਪੀੜਤ ਕੁੜੀਆਂ ਦੇ ਬਿਆਨ ਦੇ ਅਧਾਰ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਮੈਡੀਕਲ ਜਾਂਚ 'ਚ ਰੇਪ ਦੀ ਪੁਸ਼ਟੀ ਵੀ ਹੋ ਗਈ ਹੈ। ਮਾਮਲੇ 'ਚ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਪਰ ਇੱਕ ਅਜੇ ਫਰਾਰ ਹੈ ਜਿਸ ਦੀ ਭਾਲ ਕੀਤੀ ਜਾ ਰਹੀ ਹੈ।" ਮੁਲਜ਼ਮਾਂ 'ਚ ਇੱਕ ਨਬਾਲਗ ਦੱਸਿਆ ਜਾ ਰਿਹਾ ਹੈ।
ਹਾਸਲ ਜਾਣਕਾਰੀ ਮੁਤਾਬਕ 4 ਦੋਸਤ (2 ਕੁੜੀਆਂ ਤੇ 2 ਮੁੰਡੇ) ਪਾਰਕ 'ਚ ਬੈਠ ਕੇ ਗੱਲਾਂ ਕਰ ਰਹੇ ਸਨ। ਇਸੇ ਦੌਰਾਨ ਮੁਲਜ਼ਮ ਲੜਕੇ ਉਥੇ ਪਹੁੰਚੇ। ਇਨ੍ਹਾਂ ਕੁੜੀਆਂ ਨਾਲ ਛੇੜਛਾੜ ਸ਼ੁਰੂ ਕਰ ਦਿੱਤੀ। ਕੁੜੀਆਂ ਦੇ ਦੋਸਤ ਲੜਕਿਆਂ ਨੇ ਵਿਰੋਧ ਕੀਤਾ ਤਾਂ ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ। ਇਸ ਤੋਂ ਬਾਅਦ ਇਹ ਚਾਰਾਂ ਨੂੰ ਇੱਕ ਖਾਲੀ ਪਲਾਟ 'ਚ ਲੈ ਗਏ। ਇੱਥੇ ਹੀ ਗੈਂਗਰੇਪ ਦੀ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ ਪਰ ਬਾਅਦ 'ਚ ਪੀੜਤਾਂ ਨੇ ਫੋਨ ਕਰ ਪੁਲਿਸ ਨੂੰ ਸੂਚਨਾ ਦਿੱਤੀ। ਇਸ 'ਤੇ ਪੀਸੀਆਰ ਇਨ੍ਹਾਂ ਦੀ ਮਦਦ ਲਈ ਪਹੁੰਚੀ।