ਨਵੀਂ ਦਿੱਲੀ: ਜੈਗੁਆਰ ਦੇ ਸ਼ੌਕੀਨਾਂ ਲਈ ਚੰਗੀ ਖਬਰ ਆਈ ਹੈ। ਜਾਣਕਾਰੀ ਮੁਤਾਬਕ ਜੈਗੁਆਰ ਦੀ ਪਹਿਲੀ ਐਸ.ਯੂ.ਵੀ. ਐਫ-ਪੇਸ ਅਕਤੂਬਰ 'ਚ ਲਾਂਚ ਹੋਣ ਜਾ ਰਹੀ ਹੈ। ਉਮੀਦ ਹੈ ਕਿ ਇਹ ਅਕਤੂਬਰ ਦੇ ਤੀਸਰੇ ਹਫਤੇ ਲਾਂਚ ਹੋ ਜਾਏਗੀ। ਕਾਰ ਦੀ ਸ਼ੁਰੂਆਤੀ ਕੀਮਤ 70 ਲੱਖ ਰੁਪਏ ਦੇ ਕਰੀਬ ਹੋਣ ਦੀ ਉਮੀਦ ਹੈ।


ਹਾਲਾਂਕਿ ਕੰਪਨੀ ਨੇ ਐਫ-ਪੇਸ ਨੂੰ ਪਹਿਲਾਂ ਹੀ ਆਪਣੀ ਭਾਰਤੀ ਵੈੱਬਸਾਈਟ 'ਤੇ ਲਿਸਟ ਕੀਤਾ ਹੋਇਆ ਹੈ। ਇਸ ਨੂੰ ਫਰਵਰੀ 'ਚ ਰੱਖੇ ਗਏ ਦਿੱਲੀ ਆਟੋ ਐਕਸਪੋ-2016 'ਚ ਵੀ ਸ਼ੋਅ-ਕੇਸ ਕੀਤਾ ਗਿਆ ਸੀ। ਉਮੀਦ ਹੈ ਕਿ ਭਾਰਤ 'ਚ ਸ਼ੁਰੂਆਤ 'ਚ ਐਫ-ਪੇਸ ਨੂੰ ਦੋ ਡੀਜ਼ਲ ਇੰਜਣ 'ਚ ਲਿਆਂਦਾ ਜਾਏਗਾ।

ਐਂਟਰੀ ਲੈਵਲ 'ਪਿਓਰ' ਤੇ 'ਪ੍ਰੇਸਟੀਜ਼' ਵੈਰੀਐਂਟ 'ਚ 2.0 ਲੀਟਰ ਦਾ 4 ਸੈਲੰਡਰ ਇੰਜਣ ਆਏਗਾ। 8 ਸਪੀਡ ਆਟੋਮੈਟਿਕ ਗੇਅਰਬਾਕਸ ਨਾਲ ਜੁੜਿਆ ਇਹ ਇੰਜਣ 180 ਪੀਐਸ ਦੀ ਪਾਵਰ ਤੇ 430 ਐਨਐਮ ਦਾ ਟਾਰਕ ਦੇਵੇਗਾ। ਕਾਰ ਦੀ ਟਾਪ ਸਪੀਡ 208 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ। ਇਹ 0 ਤੋਂ 100 ਕਿ.ਮੀ. ਦੀ ਸਪੀਡ ਫੜਨ ਲਈ 8.7 ਸੈਕੰਡ ਦਾ ਸਮਾਂ ਲਏਗੀ।

ਆਰ-ਸਪੋਰਟ ਵੈਰੀਐਂਟ 'ਚ 3.0 ਲੀਟਰ ਦਾ 6 ਸੈਲੰਡਰ ਡੀਜ਼ਲ ਇੰਜਣ ਆਏਗਾ। ਇਸ ਇੰਜਣ ਦੀ ਤਾਕਤ 300 ਪੀਐਸ ਤੇ ਟਾਰਕ 700 ਐਨਐਮ ਦਾ ਹੋਵੇਗਾ। ਇਸ ਵੈਰੀਐਂਟ ਦੀ ਟਾਪ ਸਪੀਡ 241 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ ਤੇ 0 ਤੋ 100 ਕਿ.ਮੀ. ਦੀ ਸਪੀਡ ਲੈਣ ਲਈ ਸਿਰਫ 6.2 ਸੈਕੰਡ ਦਾ ਸਮਾਂ ਲੱਗੇਗਾ। ਆਰ-ਸਪੋਰਟ 'ਚ 8 ਸਪੀਡ ਆਟੋਮੈਟਿਕ ਗੇਅਰਬਾਕਸ ਤੇ ਆਲ ਵਹੀਲ ਡ੍ਰਾਈਵ ਦੀ ਸਹੂਲਤ ਮਿਲੇਗੀ।