ਨਵੀਂ ਦਿੱਲੀ: ਫੌਜ ਵੱਲੋਂ ਲਗਾਤਾਰ ਅੱਤਵਾਦੀਆਂ ਖਿਲਾਫ ਅਪ੍ਰੇਸ਼ਨ ਚਲਾਇਆ ਜਾ ਰਿਹਾ ਹੈ। ਪਰ ਇਸੇ ਦੌਰਾਨ ਅੱਤਵਾਦੀਆਂ ਨੇ ਇੱਕ ਪੁਲਿਸ ਚੌਂਕੀ 'ਤੇ ਹਮਲਾ ਕੀਤਾ ਹੈ। ਘਟਨਾ ਸ਼ੋਪੀਆਂ ਜਿਲ੍ਹੇ 'ਚ ਵਾਪਰੀ ਹੈ। ਇਸ ਹਮਲੇ 'ਚ ਪੁਲਿਸ ਦਾ ਇੱਕ ਜਵਾਨ ਸ਼ਹੀਦ ਹੋਇਆ ਹੈ, ਜਦਕਿ ਇੱਕ ਜਖਮੀ ਹੋਇਆ ਹੈ। ਜਖਮੀ ਜਵਾਨ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਅੱਤਵਾਦੀਆਂ ਨੇ ਬੀਤੀ ਰਾਤ ਸ਼ੋਪੀਆਂ ਜਿਲ੍ਹੇ 'ਚ ਜਮਨਾਗੇਰੀ ਪੁਲਿਸ ਚੌਂਕੀ 'ਤੇ ਹਮਲਾ ਕਰ ਦਿੱਤਾ। ਇਸ ਹਮਲੇ 'ਚ ਪੁਲਿਸ ਦਾ ਜਵਾਨ ਨਜੀਰ ਅਹਿਮਦ ਸ਼ਹੀਦ ਹੋਇਆ ਹੈ। ਜਦਕਿ ਜਖਮੀ ਹੋਏ ਦੂਸਰੇ ਜਵਾਨ ਦਾ ਨਾਮ ਜਹੂਰ ਅਹਿਮਦ ਹੈ। ਇਸ ਹਮਲੇ ਦੌਰਾਨ ਇੱਕ ਸਥਾਨਕ ਵਿਅਕਤੀ ਵੀ ਜਖਮੀ ਹੋਇਆ ਹੈ। ਦੋਨਾਂ ਜਖਮੀਆਂ ਨੂੰ ਇਲਾਜ ਲਈ ਸ਼੍ਰੀਨਗਰ ਲਿਜਾਇਆ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਅੱਤਵਾਦੀਆਂ ਨੇ ਇਹ ਹਮਲਾ ਪੁਲਿਸ ਦੇ ਹਥਿਆਰ ਲੁੱਟਣ ਦੀ ਨੀਅਤ ਨਾਲ ਕੀਤਾ ਸੀ। ਪਰ ਪੁਲਿਸ ਦੇ ਜਵਾਨਾਂ ਦੀ ਚੌਕਸੀ ਦੇ ਚੱਲਦਿਆਂ ਅਜਿਹਾ ਨਹੀਂ ਹੋ ਸਕਿਆ। ਹਾਲਾਂਕਿ ਅਜੇ ਇਹ ਪਤਾ ਨਹੀਂ ਲੱਗ ਸਕਿਆ ਕਿ ਹਮਲਵਾਰ ਅੱਤਵਾਦੀਆਂ ਦੀ ਗਿਣਤੀ ਕਿੰਨੀ ਸੀ।