ਨਵੀਂ ਦਿੱਲੀ : 7 ਅਕਤੂਬਰ ਤੋਂ 31 ਤੱਕ IRCTC(ਇੰਡੀਅਨ ਰੇਲਵੇ ਕੈਟਰਿੰਗ ਟੂਰਿਜ਼ਮ ਕਾਰਪੋਰੇਸ਼ਨ ਲਿਮਿਟੇਡ) ਦੀ ਵੈੱਬਸਾਈਟ ਤੋਂ ਰੇਲ ਯਾਤਰਾ ਦੀ ਟਿਕਟ ਬੁੱਕ ਕਰਵਾਉਣ 'ਤੇ ਹੁਣ ਇੱਕ ਪੈਸੇ ਵਿੱਚ 10 ਲੱਖ ਤੱਕ ਦਾ ਬੀਮਾ ਮਿਲੇਗਾ। ਰੇਲਵੇ ਨੇ ਰੇਲ ਵਿੱਚ ਸਫ਼ਰ ਕਰਨ ਵਾਲਿਆਂ ਲਈ ਇਹ ਬੀਮਾ ਦੀਵਾਲੀ ਦੇ ਤੋਹਫ਼ੇ ਦੇ ਤੌਰ 'ਤੇ ਦਿੱਤਾ ਹੈ। ਸਫ਼ਰ ਕਰਦੇ ਹੋਏ ਜੇਕਰ ਕੋਈ ਦੁਰਘਟਨਾ ਹੋ ਜਾਂਦੀ ਹੈ ਤਾਂ ਇਹ ਬੀਮਾ ਮਿਲੇਗਾ।


1 ਸਤੰਬਰ ਤੋਂ IRCTC ਨੇ ਇਸ ਯੋਜਨਾ ਦੀ ਸ਼ੁਰੂਆਤ ਕੀਤੀ ਸੀ। ਜਿਸ ਤਹਿਤ 92 ਪੈਸੇ ਵਿੱਚ ਇਹ ਬੀਮਾ ਮਿਲ ਰਿਹਾ ਸੀ। 6 ਸਤੰਬਰ ਤੱਕ ਤਕਰੀਬਨ 1.20 ਕਰੋੜ ਲੋਕਾਂ ਨੇ ਇਸ ਯੋਜਨਾ ਵਿੱਚ ਆਪਣੀ ਰੁਚੀ ਵਿਖਾਈ ਸੀ। ਇੱਕ ਮਹੀਨੇ ਵਿੱਚ ਕਰੋੜ ਲੋਕਾਂ ਵਿਚਾਲੇ ਇਸ ਯੋਜਨਾ ਵਿੱਚ ਰੁਚੀ ਨੂੰ ਵੇਖਦੇ ਹੋਏ ਹੀ IRCTC ਨੇ ਹੁਣ 1 ਪੈਸੇ ਵਿੱਚ ਇਸ ਯੋਜਨਾ ਨੂੰ ਲਾਂਚ ਕਰਨ ਦਾ ਫ਼ੈਸਲਾ ਲਿਆ ਹੈ।

ਫ਼ਿਲਹਾਲ ਇਹ ਯੋਜਨਾ ਸਿਰਫ਼ ਕਨਫਰਮ ਅਤੇ ਆਰ.ਏ.ਸੀ. ਟਿਕਟ ਧਾਰਕਾਂ ਦੇ ਲਈ ਲਿਆਂਦੀ ਗਈ ਹੈ। ਵੇਟਲਿਸਟੇਡ ਪੈਸੇਂਜਰ ਦੇ ਲਈ ਇਹ ਸੁਵਿਧਾ ਲਾਗੂ ਨਹੀਂ ਕੀਤੀ ਗਈ ਹੈ। ਪਰ ਜੇਕਰ ਇੱਕ ਪੀ.ਐਨ.ਆਰ. 'ਤੇ ਦੋ ਟਿਕਟਾਂ ਕਨਫਰਮ ਹਨ ਅਤੇ ਬਾਕੀ ਵੇਟਿੰਗ ਹਨ ਤਾਂ ਅਜਿਹੀ ਸੂਰਤ ਵਿੱਚ ਸਾਰੇ ਯਾਤਰੀਆਂ ਨੂੰ ਇਹ ਬੀਮਾ ਲੈਣਾ ਹੋਵੇਗਾ।