ਨਵੀਂ ਦਿੱਲੀ : ਭਾਰਤੀ ਸੈਨਾ ਵੱਲੋਂ ਕੀਤੇ ਗਏ ਸਰਜੀਕਲ ਸਟ੍ਰਾਈਕ ਦੇ ਮਾਮਲੇ ਨੂੰ ਲੈ ਕੇ ਰਾਜਨੀਤੀ ਤੇਜ਼ ਹੋ ਗਈ ਹੈ। ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਦਿੱਤੇ ਗਏ ਬਿਆਨ ਉੱਤੇ ਬੀਜੇਪੀ ਨੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ। ਅਮਿਤ ਸ਼ਾਹ ਨੇ ਆਖਿਆ ਹੈ ਕਿ ਸਰਜੀਕਲ ਸਟ੍ਰਾਈਕ ਨੂੰ ਲੈ ਕੇ ਪੂਰਾ ਦੇਸ਼ ਅਤੇ ਬੀਜੇਪੀ ਮਾਣ ਮਹਿਸੂਸ ਕਰਦੀ ਹੈ। ਦਿੱਲੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਮਿਤ ਸ਼ਾਹ ਨੇ ਆਖਿਆ ਕਿ ਜੇਕਰ ਕਿਸੀ ਨੂੰ ਇਸ ਉੱਤੇ ਇਤਰਾਜ਼ ਹੈ ਤਾਂ ਉਸ ਦੇ ਮੰਨ ਵਿੱਚ ਖੋਟ ਹੈ।
ਉਨ੍ਹਾਂ ਆਖਿਆ ਕਿ ਜਵਾਨਾਂ ਦੇ ਖ਼ੂਨ ਦੀ ਦਲਾਲੀ ਦੀ ਗੱਲ ਕਰ ਕੇ ਰਾਹੁਲ ਗਾਂਧੀ ਨੇ ਸੈਨਾ ਦੀ ਬਹਾਦਰੀ ਦਾ ਅਪਮਾਨ ਕੀਤਾ ਹੈ। ਅਮਿਤ ਸ਼ਾਹ ਨੇ ਰਾਹੁਲ ਗਾਂਧੀ ਨੂੰ ਪੁੱਛਿਆ ਕਿ ਸ਼ਹਾਦਤ ਦੀ ਦਲਾਲੀ ਕਿਸ ਤਰ੍ਹਾਂ ਹੁੰਦੀ ਹੈ ?  ਅਮਿਤ ਸ਼ਾਹ ਨੇ ਰਾਹੁਲ ਗਾਂਧੀ ਉੱਤੇ ਪਲਟ ਵਾਰ ਕਰਦਿਆਂ ਆਖਿਆ ਕਿ ਉਨ੍ਹਾਂ ਨੂੰ ਜੇਕਰ ਵੱਡੇ ਮੁੱਦਿਆਂ ਦੀ ਸਮਝ ਨਹੀਂ ਹੈ ਤਾਂ ਉਹ ਆਲੂ ਦੀ ਫ਼ੈਕਟਰੀ ਵੱਲ ਧਿਆਨ ਦੇਣ। ਉਨ੍ਹਾਂ ਆਖਿਆ ਕਿ ਰਾਹੁਲ ਦੀ ਸਮਝ ਆਲੂ ਦੀ ਫ਼ੈਕਟਰੀ ਤੱਕ ਹੀ ਸੀਮਤ ਹੈ।
ਯਾਦ ਰਹੇ ਕਿ ਰਾਹੁਲ ਗਾਂਧੀ ਨੇ ਸਰਜੀਕਲ ਅਟੈਕ ਨੂੰ ਲੈ ਕੇ ਪ੍ਰਧਾਨ ਮੰਤਰੀ ਉੱਤੇ ਸਵਾਲ ਚੁੱਕੇ ਸਨ। ਰਾਹੁਲ ਨੇ ਆਖਿਆ ਸੀ ਕਿ ਮੋਦੀ ਜਵਾਨਾਂ ਦੇ ਖ਼ੂਨ ਦੀ ਦਲਾਲੀ ਕਰ ਰਹੇ ਹਨ। ਉਨ੍ਹਾਂ ਆਖਿਆ ਸੀ ਕਿ ਸੈਨਾ ਨੇ ਦੇਸ਼ ਲਈ ਕੰਮ ਕੀਤਾ ਹੈ ਇਸ ਲਈ ਪ੍ਰਧਾਨ ਮੰਤਰੀ ਨੂੰ ਆਪਣੇ ਕੰਮ ਵੱਲ ਧਿਆਨ ਦੇਣਾ ਚਾਹੀਦਾ ਹੈ।
ਇਸ ਤੋਂ ਬਾਅਦ ਜਦੋਂ ਪੂਰੇ ਮਾਮਲੇ ਉੱਤੇ ਵਿਵਾਦ ਖੜਾ ਹੋਇਆ ਤਾਂ ਰਾਹੁਲ ਨੇ ਟਵੀਟ ਰਾਹੀਂ ਸਫਾਈ ਦਿੱਤੀ ਕਿ ਮੈ ਸੈਨਾ ਦੇ ਸਰਜੀਕਲ ਸਟ੍ਰਾਈਕ ਦੀ ਹਿਮਾਇਤ ਕਰਦਾ ਹਾਂ। ਇਸ ਦੀ ਨਿੰਦਾ ਨਹੀਂ ਕਰਦਾ। ਪਰ ਰਾਜਨੀਤਿਕ ਪੋਸਟਰਾਂ ਵੀ 'ਚ ਸੈਨਾ ਦਾ ਇਸਤੇਮਾਲ ਗ਼ਲਤ ਹੈ। ਬੀਜੇਪੀ ਪ੍ਰਧਾਨ ਅਨੁਸਾਰ ਇਸ ਨਾਲ ਸੈਨਾ ਦੇ ਮਾਣ ਵਿੱਚ ਵਾਧਾ ਹੋਇਆ ਹੈ।