ਨਵੀਂ ਦਿੱਲੀ: ਦੇਸ਼ ਦੇ ਮਰਹੂਮ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਜੀ ਦੀ ਸਾਦਗੀ ਵਰਗੀ ਮਸਾਲ ਬਹੁਤ ਘੱਟ ਮਿਲਦੀ ਹੈ। ਉਨ੍ਹਾਂ ਨੂੰ ਘਰ ਚਲਾਉਣ ਲਈ ਸਰਵੈਂਟਸ ਆਫ ਇੰਡੀਆ ਸੁਸਾਇਟੀ ਵੱਲੋਂ 50 ਰੁਪਏ ਮਹੀਨਾ ਖਰਚ ਮਿਲਦਾ ਸੀ। ਇੱਕ ਸਮੇਂ ਜਦ ਸ਼ਾਸਤਰੀ ਜੇਲ੍ਹ 'ਚ ਸਨ ਤਾਂ ਉਨ੍ਹਾਂ ਆਪਣੀ ਪਤਨੀ ਲਲਿਤਾ ਸ਼ਾਸਤਰੀ ਨੂੰ ਪੱਤਰ ਲਿਖ ਪੁੱਛਿਆ ਕਿ ਕੀ 50 ਰੁਪਏ ਨਾਲ ਘਰ ਦਾ ਗੁਜਾਰਾ ਠੀਕ ਹੋ ਰਿਹਾ ਹੈ। ਉਨ੍ਹਾਂ ਜਵਾਬ ਦਿੱਤਾ ਕਿ ਘਰ ਦਾ ਗੁਜਾਰਾ ਤਾਂ 40 ਰੁਪਏ ਨਾਲ ਚੱਲ ਰਿਹਾ ਹੈ ਤੇ 10 ਰੁਪਏ ਉਹ ਬਚਾ ਕੇ ਜਮਾਂ ਕਰ ਰਹੇ ਹਨ। ਇਸ 'ਤੇ ਸ਼ਾਸਤਰੀ ਜੀ ਨੇ ਤੁਰੰਤ ਸੁਸਾਇਟੀ ਨੂੰ ਖਤ ਲਿਖ ਕੇ ਕਿਹਾ ਕਿ ਉਨ੍ਹਾਂ ਦੇ ਘਰ ਦਾ ਭੱਤਾ ਘਟਾ ਕੇ 40 ਰੁਪਏ ਕਰ ਦਿੱਤਾ ਜਾਵੇ।
ਲਾਲ ਬਹਾਦਰ ਸ਼ਾਸਤਰੀ ਜੀ ਦੇ ਪੀ.ਐਮ. ਬਣਨ ਤੱਕ ਉਨ੍ਹਾਂ ਕੋਲ ਘਰ ਜਾਂ ਕਾਰ ਕੁਝ ਵੀ ਨਹੀਂ ਸੀ। ਇੱਕ ਵਾਰ ਉਨ੍ਹਾਂ ਦੇ ਬੱਚਿਆਂ ਨੇ ਉਲਾਮ੍ਹਾ ਦਿੱਤਾ ਕਿ ਪ੍ਰਧਾਨ ਮੰਤਰੀ ਹੋਣ ਦੇ ਬਾਵਜੂਦ ਉਨ੍ਹਾਂ ਕੋਲ ਕਾਰ ਤੱਕ ਨਹੀਂ। ਉਸ ਜ਼ਮਾਨੇ 'ਚ ਫੀਅਟ ਕਾਰ 12,000 ਰੁਪਏ ਦੀ ਸੀ। ਇਸ 'ਤੇ ਉਨ੍ਹਾਂ ਆਪਣੇ ਸਕੱਤਰ ਨੂੰ ਕਿਹਾ ਕਿ ਉਹ ਚੈੱਕ ਕਰਨ ਕਿ ਸ਼ਾਸਤਰੀ ਜੀ ਦੇ ਖਾਤੇ 'ਚ ਕਿੰਨੇ ਪੈਸੇ ਹਨ। ਜਦ ਪਤਾ ਕੀਤੀ ਗਿਆ ਤਾਂ ਉਨ੍ਹਾਂ ਦੇ ਬੈਂਕ ਖਾਤੇ 'ਚ ਸਿਰਫ 7,000 ਰੁਪਏ ਸਨ। ਜਦ ਉਨ੍ਹਾਂ ਦੇ ਬੱਚਿਆਂ ਨੂੰ ਪਤਾ ਲੱਗਾ ਕਿ ਕਾਰ ਖਰੀਦਣ ਲਈ ਲੋੜੀਂਦੇ ਪੈਸੇ ਸ਼ਾਸਤਰੀ ਜੀ ਕੋਲ ਨਹੀਂ ਤਾਂ ਉਨ੍ਹਾਂ ਕਿਹਾ ਕਿ ਕਾਰ ਨਾ ਖਰੀਦੋ।
ਇਸ 'ਤੇ ਸ਼ਾਸਤਰੀ ਜੀ ਨੇ ਕਿਹਾ ਕਿ ਉਹ ਬਾਕੀ ਪੈਸੇ ਬੈਂਕ ਤੋਂ ਲੋਨ ਲੈ ਲੈਣਗੇ। ਉਨ੍ਹਾਂ ਪੰਜਾਬ ਨੈਸ਼ਨਲ ਬੈਂਕ ਤੋਂ 5,000 ਰੁਪਏ ਦਾ ਲੋਨ ਲਿਆ ਸੀ। ਇਹ ਲੋਨ ਚੁਕਾਉਣ ਤੋਂ ਪਹਿਲਾਂ ਹੀ ਇੱਕ ਸਾਲ ਬਾਅਦ ਸ਼ਾਸਤਰੀ ਜੀ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਪੀ.ਐਮ. ਇੰਦਰਾ ਗਾਂਧੀ ਨੇ ਇਹ ਲੋਨ ਮਾਫ ਕਰਨ ਦੀ ਪੇਸ਼ਕਸ਼ ਕੀਤੀ ਪਰ ਸ਼ਾਸਤਰੀ ਜੀ ਦੀ ਪਤਨੀ ਨੇ ਇਹ ਪੇਸ਼ਕਸ਼ ਠੁਕਰਾ ਦਿੱਤੀ। ਲਲਿਤਾ ਸ਼ਾਸਤਰੀ ਨੇ 4 ਸਾਲ ਤੱਕ ਆਪਣੀ ਪੈਨਸ਼ਨ 'ਚੋਂ ਲੋਨ ਚੁਕਾਇਆ।