ਸ਼੍ਰੀਨਗਰ: ਜੰਮੂ ਕਸ਼ਮੀਰ ਦੇ ਪੰਪੋਰ 'ਚ ਅੱਤਵਾਦੀ ਹਮਲਾ ਕੀਤਾ ਗਿਆ ਹੈ। ਇੱਕ ਸਰਕਾਰੀ ਬਿਲਡਿੰਗ 'ਤੇ ਕੀਤੇ ਗਏ ਇਸ ਹਮਲੇ 'ਚ ਫੌਜ ਦਾ ਇੱਕ ਜਵਾਨ ਜਖਮੀ ਹੋਇਆ ਹੈ। ਬਿਲਡਿੰਗ 'ਚ ਅੱਗ ਲੱਗਣ ਤੋਂ ਬਾਅਦ ਸਰਚ ਅਪ੍ਰੇਸ਼ਨ ਚੱਲ ਰਿਹਾ ਹੈ। ਇਹ ਉਹੀ ਬਿਲਡਿੰਗ ਹੈ ਜਿੱਥੇ ਫਰਵਰੀ ਮਹੀਨੇ ਹੋਏ ਵੱਡੇ ਮੁਕਾਬਲੇ 'ਚ ਫੌਜ ਦੇ ਤਿੰਨ ਜਵਾਨ ਸ਼ਹੀਦ ਹੋ ਗਏ ਸਨ। 48 ਘੰਟੇ ਚੱਲੇ ਮੁਕਾਬਲੇ 'ਚ ਤਿੰਨਾਂ ਅੱਤਵਾਦੀਆਂ ਨੂੰ ਵੀ ਮਾਰ ਮੁਕਾਇਆ ਗਿਆ ਸੀ।


ਜਾਣਕਾਰੀ ਮੁਤਾਬਕ EDI ਦੀ ਬਿਲਡਿੰਗ 'ਚ 2-3 ਅੱਤਵਾਦੀਆਂ ਦੇ ਲੁਕੇ ਹੋਣ ਦਾ ਖਦਸ਼ਾ ਹੈ। ਇੱਥੇ ਸਵੇਰੇ ਕਰੀਬ 6.30 ਵਜੇ ਗੋਲੀਆਂ ਦੀ ਅਵਾਜ ਸੁਣਾਈ ਦਿੱਤੀ ਸੀ ਤੇ ਉਸ ਤੋਂ ਬਾਅਦ ਬਿਲਡਿੰਗ 'ਚੋਂ ਧੂੰਆਂ ਨਿੱਕਲਦਾ ਨਜ਼ਰ ਆਇਆ। ਇਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਨੂੰ ਘੇਰ ਕੇ ਆਪਣੇ ਕਬਜੇ 'ਚ ਲੈ ਲਿਆ ਹੈ ਤੇ ਸਰਚ ਅਪ੍ਰੇਸ਼ਨ ਚਲਾਇਆ ਜਾ ਰਿਹਾ ਹੈ।

ਫਰਵਰੀ ਮਹੀਨੇ 'ਚ ਅੱਤਵਾਦੀਆਂ ਨੇ ਘਾਤ ਲਗਾ ਕੇ ਸੀਆਰਪੀਐਫ ਦੇ ਕਾਫਲੇ 'ਤੇ ਹਮਲਾ ਕੀਤਾ ਸੀ। ਇਸ ਦੌਰਾਨ ਅੱਤਵਾਦੀ 2 ਜਵਾਨਾਂ ਨੂੰ ਸ਼ਹੀਦ ਕਰ EDI ਦੀ ਬਿਲਡਿੰਗ 'ਚ ਜਾ ਵੜੇ ਸਨ। ਇਸ ਤੋਂ ਬਾਅਦ ਚੱਲੇ ਮੁਕਾਬਲੇ 'ਚ ਫੌਜ ਨੇ ਤਿੰਨਾਂ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਸੀ। ਹਾਲਾਂਕਿ ਇਸ ਦੌਰਾਨ ਇੱਕ ਆਮ ਨਾਗਰਿਕ ਵੀ ਮਾਰਿਆ ਗਿਆ ਸੀ।