ਪੰਪੋਰ: ਜੰਮੂ ਕਸ਼ਮੀਰ ਦੇ ਪੰਪੋਰ 'ਚ ਪਿਛਲੇ 24 ਘੰਟੇ ਤੋਂ ਜਿਆਦਾ ਸਮੇਂ ਤੋਂ ਅੱਤਵਾਦੀਆਂ ਤੇ ਸੁਰੱਖਿਆ ਬਲਾਂ 'ਚ ਮੁਕਾਬਲਾ ਚੱਲ ਰਿਹਾ ਹੈ। ਅੱਤਵਾਦੀ ਈਡੀਆਈ ਬਿਲਡਿੰਗ 'ਚੋਂ ਲੁਕ ਕੇ ਫਾਇਰਿੰਗ ਕਰ ਰਹੇ ਹਨ। ਕੱਲ੍ਹ ਮੁਕਾਬਲੇ ਦੌਰਾਨ ਫੌਜ ਦੇ 2 ਜਵਾਨ ਜਖਮੀ ਹੋਏ ਸਨ। ਜੇਕਰ ਅੱਤਵਾਦੀਆਂ ਦੀ ਲੋਕੇਸ਼ਨ ਦਾ ਪਤਾ ਨਾ ਲੱਗਾ ਤਾਂ ਅੱਜ ਇਸ ਬਿਲਡਿੰਗ ਨੂੰ ਉਡਾਉਣ ਦਾ ਫੈਸਲਾ ਵੀ ਲਿਆ ਜਾ ਸਕਦਾ ਹੈ। ਰਾਤ ਵੀ 12 ਤੋਂ 2 ਵਜੇ ਦਰਮਿਆਨ ਫਾਇਰਿੰਗ ਦੀ ਅਵਾਜ ਸੁਣੀ ਗਈ ਹੈ।
 
ਸ਼੍ਰੀਨਗਰ ਤੋਂ 15 ਕਿਲੋਮੀਟਰ ਦੂਰ ਈਡੀਆਈ (Enterprenurship Development Institute) ਦੀ ਬਿਲਡਿੰਗ ਦਾ ਨਕਸ਼ਾ ਪਿਛਲੇ 24 ਘੰਟਿਆਂ ਦੌਰਾਨ ਬੁਰੀ ਤਰਾਂ ਬਦਲ ਚੁੱਕਾ ਹੈ। ਸੁਰੱਖਿਆ ਬਲਾਂ ਤੇ ਅੱਤਵਾਦੀਆਂ 'ਚ ਚੱਲ ਰਹੇ ਮੁਕਾਬਲੇ ਦੌਰਾਨ ਹੋ ਰਹੀ ਗੋਲੀਬਾਰੀ ਕਾਰਨ ਸਾਰੇ ਸ਼ੀਸ਼ੇ ਟੁੱਟ ਚੁੱਕੇ ਹਨ। ਇਮਾਰਤ ਦੇ ਕਈ ਹਿੱਸਿਆਂ ਨੂੰ ਨੁਕਸਾਨ ਪਹੁੰਚਿਆ ਹੈ। ਬਿਲਡਿੰਗ 'ਚੋਂ ਲਗਾਤਾਰ ਧੁੰਆਂ ਨਿੱਕਲ ਰਿਹਾ ਹੈ। ਇੱਕ ਮੰਜਿਲ 'ਤੇ ਅੱਗ ਲੱਗੀ ਹੋਈ ਹੈ। ਰੁਕ- ਰੁਕ ਕੇ ਫਾਇਰਿੰਗ ਦੀ ਅਵਾਜ ਸੁਣਾਈ ਦੇ ਰਹੀ ਹੈ।
ਇਹ ਉਹੀ ਬਿਲਡਿੰਗ ਹੈ ਜਿੱਥੇ ਫਰਵਰੀ ਮਹੀਨੇ ਹੋਏ ਵੱਡੇ ਮੁਕਾਬਲੇ ‘ਚ ਫੌਜ ਦੇ ਤਿੰਨ ਜਵਾਨ ਸ਼ਹੀਦ ਹੋ ਗਏ ਸਨ। 48 ਘੰਟੇ ਚੱਲੇ ਮੁਕਾਬਲੇ ‘ਚ ਤਿੰਨਾਂ ਅੱਤਵਾਦੀਆਂ ਨੂੰ ਵੀ ਮਾਰ ਮੁਕਾਇਆ ਗਿਆ ਸੀ। ਫਰਵਰੀ ਮਹੀਨੇ ‘ਚ ਅੱਤਵਾਦੀਆਂ ਨੇ ਘਾਤ ਲਗਾ ਕੇ ਸੀਆਰਪੀਐਫ ਦੇ ਕਾਫਲੇ ‘ਤੇ ਹਮਲਾ ਕੀਤਾ ਸੀ। ਇਸ ਦੌਰਾਨ ਅੱਤਵਾਦੀ EDI ਦੀ ਬਿਲਡਿੰਗ ‘ਚ ਜਾ ਵੜੇ ਸਨ। ਇਸ ਤੋਂ ਬਾਅਦ ਚੱਲੇ ਮੁਕਾਬਲੇ ‘ਚ ਫੌਜ ਨੇ ਤਿੰਨਾਂ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਸੀ। ਹਾਲਾਂਕਿ ਇਸ ਦੌਰਾਨ ਇੱਕ ਆਮ ਨਾਗਰਿਕ ਵੀ ਮਾਰਿਆ ਗਿਆ ਸੀ।