ਗੋਆ: ਪੁਲਿਸ ਨੇ ਗੋਆ ਦੀ ਮਸ਼ਹੂਰ ਪਰਫਿਊਮਰ ਮੋਨਿਕਾ ਗੁਰਡੇ ਦੇ ਕਤਲ ਦਾ ਮਾਮਲਾ ਸੁਲਝਾਉਣ ਦਾ ਦਾਅਵਾ ਕੀਤਾ ਹੈ। ਇਸ ਮਾਮਲੇ 'ਚ ਸਕਿਉਰਿਟੀ ਗਾਰਡ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜ਼ਮ ਉਸ ਅਪਾਰਟਮੈਂਟ ਦਾ ਸਕਿਉਰਿਟੀ ਗਾਰਡ ਹੈ ਜਿੱਥੇ ਮੋਨਿਕਾ ਰਹਿੰਦੀ ਸੀ। ਪੁਲਿਸ ਮੁਤਾਬਕ ਕਤਲ ਲੁੱਟ ਦੇ ਇਰਾਦੇ ਨਾਲ ਕੀਤਾ ਗਿਆ ਸੀ, ਕਿਉਂਕਿ ਮੋਨਿਕਾ ਦੇ 2 ਏਟੀਐਮ ਕਾਰਡ ਗਾਇਬ ਸਨ ਜੋ ਗਾਰਡ ਤੋਂ ਬਰਾਮਦ ਕਰ ਲਏ ਗਏ ਹਨ।
ਪੁਲਿਸ ਨੇ ਮੁਲਜ਼ਮ ਗਾਰਡ ਰਾਜ ਕੁਮਾਰ ਨੂੰ ਬੈਂਗਲੂਰੂ ਦੇ ਇੱਕ ਹੋਟਲ ਤੋਂ ਗ੍ਰਿਫਤਾਰ ਕੀਤਾ ਹੈ। ਇੱਥੇ ਹੀ ਉਸ ਨੇ ਮੋਨਿਕਾ ਦੇ ਏਟੀਐਮ ਤੋਂ ਪੈਸੇ ਕਢਵਾਏ ਸਨ। ਦਾਅਵਾ ਹੈ ਕਿ ਮੁਲਜ਼ਮ ਗਾਰਡ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ। ਹਾਲਾਂਕਿ ਪੁਲਿਸ ਕਤਲ ਦਾ ਪਿੱਛੇ ਦਾ ਮਕਸਦ ਪੂਰੀ ਤਰਾਂ ਸਾਫ ਨਹੀਂ ਕਰ ਸਕੀ ਹੈ। ਫਿਲਹਾਲ ਪੁਲਿਸ ਉਸ ਤੋਂ ਗਹਿਰਾਈ ਨਾਲ ਪੁੱਛਗਿੱਛ ਕਰ ਰਹੀ ਹੈ।
ਮਸ਼ਹੂਰ ਪ੍ਰਫਿਊਮਰ 39 ਸਾਲਾ ਮੋਨਿਕਾ ਗੁਰਡੇ ਦੀ ਲਾਸ਼ ਸਾਨਗੋਲਡਾ ਪਿੰਡ ‘ਚ ਇੱਕ ਕਿਰਾਏ ਦੇ ਘਰ ਅੰਦਰੋਂ 6 ਅਕਤੂਬਰ ਨੂੰ ਮਿਲੀ ਸੀ। ਪੁਲਿਸ ਜਾਂਚ ਮੁਤਾਬਕ 5 ਅਕਤੂਬਰ ਦੀ ਦੁਪਹਿਰ ਤੋਂ ਰਾਤ ਦਰਮਿਆਨ ਕਿਸੇ ਨੇ ਮੋਨਿਕਾ ਦਾ ਰੇਪ ਕਰਨ ਮਗਰੋਂ ਕਤਲ ਕੀਤਾ ਸੀ। ਉਸ ਦੀ ਲਾਸ਼ ਨਗਨ ਹਾਲਤ ‘ਚ ਸੀ ਤੇ ਹੱਥ ਪੈਰ ਬੈੱਡ ਨਾਲ ਬੰਨੇ ਹੋਏ ਸਨ। ਇਸ ਕਤਲ ਦੀ ਖਬਰ ਨੇ ਸਨਸਨੀ ਮਚਾ ਦਿੱਤੀ ਸੀ।