ਚੰਡੀਗੜ੍ਹ: ਸ਼ਹਿਰ ਦੇ ਵੱਡੇ ਬਿਜਨਸਮੈਨ ਨੂੰ ਫਸਾਉਣ ਲਈ ਬੁਣੇ ਡਰਗ ਤਸਕਰੀ ਦੇ ਜਾਲ ਮਾਮਲੇ ਵਿੱਚ ਇੱਕ ਔਰਤ ਪੁਲਿਸ ਦੇ ਹੱਥੇ ਚੜੀ ਹੈ। ਪੁਲਿਸ ਮੁਤਾਬਕ ਇਹ ਗ੍ਰਿਫਤਾਰੀ ਰਾਜਸਥਾਨ ਦੇ ਬੀਕਾਨੇਰ ਤੋਂ ਕੀਤੀ ਗਈ ਹੈ। ਇਸ ਔਰਤ ਨੇ ਹੀ 2.6 ਕਿਲੋਗ੍ਰਾਮ ਅਫੀਮ ਦੀ ਡਲਿਵਰੀ ਦਿੱਤੀ ਸੀ। ਇਸ ਮਾਮਲੇ ਵਿੱਚ ਹਾਈਕੋਰਟ ਦੇ ਸੀਨੀਅਰ ਵਕੀਲ, ਰਿਟਾਇਰਡ ਪੁਲਿਸ ਇੰਸਪੈਕਟਰ ਤੇ ਲੁਧਿਆਣਾ ਦੇ ਕਾਰੋਬਾਰੀ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।
ਇਨ੍ਹਾਂ ਸਾਰਿਆਂ ਨੇ ਮਿਲਕੇ ਇੱਕ ਬੇਕਸੂਰ ਵੱਡੇ ਕਾਰੋਬਾਰੀ ਨੂੰ ਨਸ਼ੇ ਦੀ ਤਸਕਰੀ ਦੇ ਇਲਜ਼ਾਮਾਂ ‘ਚ ਫਸਾਉਣ ਲਈ ਕਾਰ ਵਿੱਚ ਅਫੀਮ ਤੇ ਨਕਲੀ ਕਰੰਸੀ ਰੱਖੀ ਸੀ। ਇਹ ਤਿੰਨ ਨਾਮੀ ਚਿਹਰੇ ਸਲਾਖਾਂ ਪਿੱਛੇ ਆ ਪਹੁੰਚੇ ਹਨ। ਪੁਲਿਸ ਇਨ੍ਹਾਂ ਨੂੰ ਰਿਮਾਂਡ ‘ਤੇ ਲੈ ਕੇ ਸੱਚ ਉਗਲਵਾਉਣ ‘ਚ ਲੱਗੀ ਹੋਈ ਹੈ। ਹਾਲਾਂਕਿ ਇਨ੍ਹਾਂ ਦੀ ਸਾਜਿਸ਼ ਦਾ ਸ਼ਿਕਾਰ ਹੋਣ ਵਾਲਾ ਇੱਕ ਬੇਕਸੂਰ ਅਜੇ ਵੀ ਸਲਾਖਾਂ ਪਿੱਛੇ ਹੈ।
ਚੰਡੀਗੜ੍ਹ ਪੁਲਿਸ ਨੇ ਇੱਕ ਵਪਾਰੀ ਦੇ ਅਕਾਉਂਟੈਂਟ ਨੂੰ ਝੂਠੇ ਨਸ਼ਾ ਤਸਕਰੀ ਦੇ ਕੇਸ ‘ਚ ਫਸਾਉਣ ਵਾਲੇ ਰਿਟਾਇਰਡ ਪੁਲਿਸ ਇੰਸਪੈਕਟਰ ਤਰਸੇਮ ਸਿੰਘ ਰਾਣਾ, ਹਾਈਕੋਰਟ ਦੇ ਸੀਨੀਅਰ ਵਕੀਲ ਜਤਿਨ ਸਲਵਾਨ ਤੇ ਲੁਧਿਆਣਾ ਦੇ ਕਾਰੋਬਾਰੀ ਨਰਿੰਦਰ ਨੂੰ ਗ੍ਰਿਫਤਾਰ ਕਰ ਜਾਂਚ ਅੱਗੇ ਵਧਾਈ। ਪੁੱਛਗਿੱਛ ਦੌਰਾਨ ਨਵਜੋਤ ਧਾਲੀਵਾਲ ਦਾ ਨਾਮ ਸਾਹਮਣੇ ਆਇਆ। ਧਾਲੀਵਾਲ ਨੂੰ ਗ੍ਰਿਫਤਾਰ ਕਰ ਜਦ ਪੁਲਿਸ ਨੇ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਕਾਰ ਵਿੱਚ ਰੱਖਵਾਈ ਗਈ ਅਫੀਮ ਰਾਜਸਥਾਨ ਦੀ ਰਹਿਣ ਵਾਲੀ ਲਵਪ੍ਰੀਤ ਕੌਰ ਨੇ ਪਹੁੰਚਾਈ ਸੀ। ਇਸ ਤੋਂ ਬਾਅਦ ਪੁਲਿਸ ਨੇ ਰਾਜਸਥਾਨ ਦੇ ਬੀਕਾਨੇਰ ਜਿਲ੍ਹੇ ਵਿੱਚ ਪਿੰਡ ਚਰਨਾਵਾਲਾ ਵਿੱਚ ਦਬਿਸ਼ ਦੇ ਕੇ ਲਵਪ੍ਰੀਤ ਨੂੰ ਗ੍ਰਿਫਤਾਰ ਕਰ ਲਿਆ ਹੈ। ਫਿਲਹਾਲ ਪੁਲਿਸ ਦੀ ਜਾਂਚ ਜਾਰੀ ਹੈ।
ਦਰਅਸਲ ਪੁਲਿਸ ਨੇ 16 ਜੂਨ ਨੂੰ ਇੱਕ ਸੂਚਨਾ ਦੇ ਅਧਾਰ ‘ਤੇ ਭਗਵਾਨ ਸਿੰਘ ਨਾਮੀ ਵਿਅਕਤੀ ਨੂੰ 15 ਲੱਖ ਦੀ ਨਕਲੀ ਕਰੰਸੀ ਤੇ 2 ਕਿੱਲੋ 600 ਗ੍ਰਾਮ ਅਫੀਮ ਸਮੇਤ ਗ੍ਰਿਫਤਾਰ ਕੀਤਾ ਸੀ। ਜਦ ਪੁੱਛਗਿੱਛ ਕੀਤੀ ਗਈ ਤਾਂ ਲੱਖ ਕੋਸ਼ਿਸ਼ ਦੇ ਬਾਅਦ ਵੀ ਪੁਲਿਸ ਨੂੰ ਉਸ ਤੋਂ ਕੋਈ ਪੁਖਤਾ ਜਾਣਕਾਰੀ ਨਹੀਂ ਮਿਲ ਰਹੀ ਸੀ। ਉਹ ਇਸ ਸਾਰੀ ਬਰਾਮਦਗੀ ਬਾਰੇ ਕੋਈ ਵੀ ਜਵਾਬ ਨਾ ਦੇ ਸੱਕਿਆ। ਅਜਿਹੇ ‘ਚ ਪੁਲਿਸ ਨੂੰ ਸ਼ੱਕ ਹੋਣ ਲੱਗਾ ਕਿ ਕਿਧਰੇ ਇਹ ਕਿਸੇ ਸਾਜਿਸ਼ ਦਾ ਸ਼ਿਕਾਰ ਤਾਂ ਨਹੀਂ ਹੋ ਰਿਹਾ। ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ।
ਇਸੇ ਦੌਰਾਨ ਨਵਾਂਗਾਓਂ ਦੇ ਇੱਕ ਬਿਜ਼ਨਸਮੈਨ ਸੁਖਬੀਰ ਸਿੰਘ ਸ਼ੇਰਗਿੱਲ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਭੇਜ ਕੇ ਪੂਰੇ ਮਾਮਲੇ ਦੀ ਜਾਂਚ ਕਰਨ ਦੀ ਮੰਗ ਕੀਤੀ। ਉਸ ਨੇ ਦਾਅਵਾ ਕੀਤਾ ਕਿ ਦਰਅਸਲ ਨਸ਼ਾ ਤਸਕਰੀ ਦੇ ਇਲਜ਼ਾਮਾਂ ‘ਚ ਗ੍ਰਿਫਤਾਰ ਹੋਇਆ ਭਗਵਾਨ ਉਸ ਦਾ ਅਕਾਉਂਟੈਂਟ ਹੈ। ਇਹ ਵੀ ਦਾਅਵਾ ਕੀਤਾ ਕਿ ਇਹ ਪੂਰਾ ਜਾਲ ਉਸ ਨੂੰ ਫਸਾਉਣ ਲਈ ਬੁਣਿਆ ਗਿਆ ਸੀ, ਪਰ ਗਲਤੀ ਨਾਲ ਉਸ ਦਾ ਅਕਾਉਂਟੈਂਟ ਫਸ ਗਿਆ। ਉਸ ਨੇ ਇਲਜ਼ਾਮ ਲਾਇਆ ਹੈ ਕਿ ਇਸ ਪੂਰੀ ਸਾਜਿਸ਼ ‘ਚ ਇੱਕ ਰਿਟਾਇਰਡ ਆਈਏਐਸ ਅਧਿਕਾਰੀ ਵੀ ਸ਼ਾਮਲ ਹੈ।
ਇਸ ਸ਼ਿਕਾਇਤ ਤੋਂ ਬਾਅਦ ਜਦ ਮਾਮਲੇ ਦੀ ਗਹਿਰਾਈ ਨਾਲ ਜਾਂਚ ਸ਼ੁਰੂ ਹੋਈ ਤਾਂ ਸਭ ਤੋਂ ਪਹਿਲਾਂ ਅੜਿੱਕੇ ਆਇਆ ਰਿਟਾਇਰ ਪੁਲਿਸ ਇੰਸਪੈਕਟਰ ਤਰਸੇਮ ਸਿੰਘ ਰਾਣਾ। ਜਦ ਰਾਣਾ ਤੋਂ ਪੁੱਛਗਿੱਛ ਸ਼ੁਰੂ ਹੋਈ ਤਾਂ ਉਸ ਨੇ ਵਕੀਲ ਜਤਿਨ ਸਲਵਾਨ ਤੇ ਕਾਰੋਬਾਰੀ ਨਰਿੰਦਰ ਦਾ ਨਾਮ ਉਗਲ ਦਿੱਤਾ। ਪੁਲਿਸ ਮੁਤਾਬਕ ਇਹ ਪੂਰਾ ਮਾਮਲਾ ਕਾਰੋਬਾਰ ਦੇ ਵਿਵਾਦ ਨਾਲ ਜੁੜਿਆ ਹੈ। ਇਸ ਦੇ ਚੱਲਦੇ ਹੀ ਇਹਨਾਂ ਤਿੰਨਾਂ ਨੇ ਸ਼ੇਰਗਿੱਲ ਨੂੰ ਫਸਾਉਣ ਲਈ ਪੂਰਾ ਜਾਲ ਬੁਣਿਆ ਸੀ। ਪੁਲਿਸ ਅਫਸਰਾਂ ਮੁਤਾਬਕ ਜਾਂਚ ਪੂਰੀ ਹੋਣ ‘ਤੇ ਜੇਲ੍ਹ ‘ਚ ਬੰਦ ਭਗਵਾਨ ਸਿੰਘ ਨੂੰ ਮਾਮਲੇ ‘ਚੋਂ ਡਿਸਚਾਰਜ ਕਰ ਕੇ ਰਿਹਾਅ ਕਰਵਾ ਦਿੱਤਾ ਜਾਵੇਗਾ।