ਚੰਡੀਗੜ੍ਹ: ਕੱਲ੍ਹ ਤੋਂ ਦੇਸ਼ ਦੀਆਂ ਬੈਂਕਾਂ 'ਚ ਹੜਤਾਲ ਕਰਨ ਦਾ ਐਲਾਨ ਕੀਤਾ ਗਿਆ ਹੈ। ਆਲ ਇੰਡੀਆ ਬੈਂਕ ਇੰਪਲਾਈਜ਼ ਐਸੋਸੀਏਸ਼ਨ ਮੁਤਾਬਕ ਐਸਬੀਆਈ ਦੇ ਸਹਿਯੋਗੀ ਬੈਂਕਾਂ ਨਾਲ ਰਲੇਵੇਂ ਆਈਡੀਬੀਆਈ ਬੈਂਕ ਦਾ ਨਿੱਜੀਕਰਨ ਕੀਤੇ ਜਾਣ ਦੇ ਵਿਰੋਧ ਵਜੋਂ ਇਸ ਹੜਤਾਲ ਦਾ ਐਲਾਨ ਕੀਤਾ ਗਿਆ ਹੈ। ਅਜਿਹੇ 'ਚ ਆਮ ਜਨਤਾ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਜਾਣਕਾਰੀ ਮੁਤਾਬਕ 12 ਜੁਲਾਈ ਯਾਨਿ ਕੇ ਕੱਲ੍ਹ ਐਸਬੀਆਈ ਦੇ 5 ਸਹਿਯੋਗੀ ਬੈਂਕਾਂ ਦੇ ਕਰਮਚਾਰੀ ਹੜਤਾਲ 'ਤੇ ਰਹਿਣਗੇ। ਜਦਕਿ 13 ਜੁਲਾਈ ਨੂੰ ਸਾਰੀਆਂ ਬੈਂਕਾਂ ਦੇ ਕਰਮਚਾਰੀ ਹੜਤਾਲ ਕਰਨਗੇ। ਆਲ ਇੰਡੀਆ ਬੈਂਕ ਇੰਪਲਾਈਜ਼ ਐਸੋਸੀਏਸ਼ਨ ਮੁਤਾਬਕ, "ਮੁੱਖ ਲੇਬਰ ਕਮਿਸ਼ਨਰ ਨਾਲ ਕੀਤੀ ਗਈ ਸਮਝੌਤਾ ਮੀਟਿੰਗ ਬੇਨਤੀਜਾ ਰਹੀ ਹੈ। ਅਜਿਹੇ 'ਚ ਪਹਿਲਾਂ ਤੋਂ ਕੀਤੇ ਗਏ ਹੜਤਾਲ ਦੇ ਐਲਾਨ 'ਤੇ ਕਾਇਮ ਹਾਂ।"
ਬੈਂਕਾਂ 'ਚ 12 ਅਤੇ 13 ਜੁਲਾਈ ਦੀ ਇਸ ਹੜਤਾਲ ਦੇ ਚੱਲਦੇ ਆਮ ਲੋਕਾਂ ਤੇ ਕਾਰੋਬਾਰੀਆਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹੇ 'ਚ ਜੇਕਰ ਤੁਹਾਨੂੰ ਕੋਈ ਬੈਂਕ ਨਾਲ ਸਬੰਧਤ ਜਰੂਰੀ ਕੰਮ ਹੈ ਤਾਂ ਤੁਸੀਂ ਅੱਜ ਨਿਪਟਾ ਸਕਦੇ ਹੋ।