ਨਵੀਂ ਦਿੱਲੀ: ਸੰਸਦ ਦਾ ਵੀਡੀਓ ਬਣਾਉਣ ਦੇ ਮਾਮਲੇ 'ਤੇ 'ਆਪ' ਸਾਂਸਦ ਭਗਵੰਤ ਮਾਨ ਨੇ ਆਪਣਾ ਜਵਾਬ ਜਾਂਚ ਕਮੇਟੀ ਨੂੰ ਸੌਂਪ ਦਿੱਤਾ ਹੈ। ਪੰਜ ਪੇਜਾਂ ਦੇ ਜਵਾਬ 'ਚ ਮਾਨ ਨੇ ਲਿਖਿਆ ਹੈ ਕਿ ਉਨ੍ਹਾਂ ਨੇ ਕੋਈ ਗਲਤੀ ਨਹੀਂ ਕੀਤੀ। ਉਨ੍ਹਾਂ ਨੇ ਅੱਜ ਜਾਂਚ ਕਮੇਟੀ ਸਾਹਮਣੇ ਪੇਸ਼ ਵੀ ਹੋਣਾ ਹੈ ਪਰ ਉਸ ਤੋਂ ਪਹਿਲਾਂ ਉਨ੍ਹਾਂ ਲਿਖਤੀ ਜਵਾਬ ਕਮੇਟੀ ਨੂੰ ਦੇ ਦਿੱਤਾ ਹੈ।
ਭਗਵੰਤ ਮਾਨ ਨੇ ਜਾਂਚ ਕਮੇਟੀ ਸਾਹਮਣੇ ਆਪਣੇ ਵਕੀਲ ਸਮੇਤ ਪੇਸ਼ ਹੋਣ ਦੀ ਇਜਾਜ਼ਤ ਮੰਗੀ ਸੀ ਪਰ ਇਸ ਮੰਗ ਨੂੰ ਖਾਰਜ ਕਰ ਦਿੱਤਾ ਗਿਆ। 26 ਜੁਲਾਈ ਨੂੰ ਮਾਨ ਨੇ ਲੋਕ ਸਭਾ ਸਪੀਕਰ ਨੂੰ ਇੱਕ ਖਤ ਲਿਖ ਕਿ ਕਿਹਾ ਸੀ ਕਿ ਉਨ੍ਹਾਂ ਦੇ ਮਾਮਲੇ ਦੀ ਜਾਂਚ ਲਈ ਜੋ ਕਮੇਟੀ ਬਣਾਈ ਗਈ ਹੈ, ਉਸ ਦਾ ਦਾਇਰਾ ਹੋਰ ਵਧਾ ਕੇ ਪ੍ਰਧਾਨ ਮੰਤਰੀ ਨੂੰ ਵੀ ਸ਼ਾਮਲ ਕੀਤਾ ਜਾਵੇ। ਉਨ੍ਹਾਂ ਖਤ 'ਚ ਲਿਖਿਆ, "ਕੱਲ ਤੁਸੀਂ ਮੇਰੇ ਵੀਡੀਓ ਮਾਮਲੇ ਦੀ ਜਾਂਚ ਲਈ ਇੱਕ ਕਮੇਟੀ ਬਣਾਈ ਹੈ। ਕਮੇਟੀ ਜਾਂਚ ਕਰੇਗੀ ਕਿ ਇਸ ਵੀਡੀਓ ਨਾਲ ਸੰਸਦ ਦੀ ਸੁਰੱਖਿਆ ਨੂੰ ਖਤਰਾ ਤਾਂ ਪੈਦਾ ਨਹੀਂ ਹੋਇਆ। 2001 'ਚ ISI ਨੇ ਸੰਸਦ ਤੇ ਹਮਲਾ ਕੀਤਾ। ਫਿਰ 2016 ਚ ਉਸੇ ISI ਨੇ ਪਠਾਨਕੋਟ ਏਅਰਬੇਸ 'ਤੇ ਹਮਲਾ ਕੀਤਾ। ਪ੍ਰਧਾਨ ਮੰਤਰੀ ਜੀ ਨੇ ਉਸੇ ISI ਨੂੰ ਪਠਾਨਕੋਟ ਏਅਰਬੇਸ 'ਤੇ ਪੂਰੀ ਇੱਜਤ ਨਾਲ ਬੁਲਾ ਕੇ ਘੁਮਾਇਆ।"
ਭਗਵੰਤ ਨੇ ਕਿਹਾ ਕਿ, "ISI ਪੂਰੇ ਏਅਰਬੇਸ ਦਾ ਨਕਸ਼ਾ ਬਣਾ ਕੇ ਲੈ ਗਿਆ। ਕੀ ਇਸ ਨਾਲ ਪੂਰੇ ਦੇਸ਼ ਦੀ ਸੁਰੱਖਿਆ ਨੂੰ ਖਤਰਾ ਨਹੀਂ ਹੋਇਆ ਮੇਰੇ ਵੀਡੀਓ ਬਣਾਉਣਾ ਦੇਸ਼ ਲਈ ਖਤਰਾ ਹੈ ਜਾਂ ਪੀਐਮ ਜੀ ਦਾ ISI ਨੂੰ ਬੁਲਾ ਕੇ ਏਅਰਬੇਸ 'ਤੇ ਘੁਮਾਉਣਾ ਦੇਸ਼ ਦੀ ਰਾਖੀ ਲਈ ਖਤਰਾ ਹੈ।" ਜਾਂਚ ਕਮੇਟੀ ਨੇ 3 ਅਗਸਤ ਤੱਕ ਆਪਣੀ ਰਿਪੋਰਟ ਦੇਣੀ ਹੈ। ਇਸ ਰਿਪੋਰਟ ਦੇ ਆਉਣ ਤੱਕ ਮਾਨ ਨੂੰ ਸੰਸਦ ਦੀ ਕਾਰਵਾਈ 'ਚ ਸ਼ਾਮਲ ਹੋਣ ਰੋਕਿਆ ਗਿਆ ਹੈ।