ਨਵੀਂ ਦਿੱਲੀ: ਮਕਬੂਜ਼ਾ ਕਸ਼ਮੀਰ 'ਚ ਅੱਤਵਾਦੀਆਂ ਦੇ ਖਾਤਮੇ ਲਈ ਫਿਰ ਸਰਜੀਕਲ ਸਟ੍ਰਾਈਕ ਕੀਤਾ ਜਾਏਗਾ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਫੌਜ ਲੰਬੇ ਸਮੇਂ ਤੱਕ ਸਰਜੀਕਲ ਅਟੈਕ ਦੀ ਯੋਜਨਾ ਬਣਾ ਰਹੀ ਹੈ। ਪੀ.ਓ.ਕੇ. 'ਚ ਚੱਲ ਰਹੇ ਅੱਤਵਾਦ ਦੇ ਢਾਂਚੇ ਨੂੰ ਖਤਮ ਕਰਨ ਲਈ ਫੌਜ ਹੁਣ ਸਟ੍ਰੈਟੇਜਿਕ ਰੇਸਟ੍ਰੈਂਟ ਦੀ ਨੀਤੀ ਤੋਂ ਵੱਖ ਹੋ ਕੇ ਸਰਜੀਕਲ ਸਟ੍ਰਾਈਕ ਦੀ ਤਿਆਰੀ 'ਚ ਹਨ।
ਸੂਤਰਾਂ ਮੁਤਾਬਕ ਮੋਦੀ ਸਰਕਾਰ ਵੀ ਸਰਜੀਕਲ ਸਟ੍ਰਾਈਕ ਦੀ ਇਜਾਜ਼ਤ ਦੇਣ ਲਈ ਤਿਆਰ ਹੈ। ਮੋਦੀ ਸਰਕਾਰ ਨੇ ਫੌਜ ਨੂੰ ਹਰ ਸੰਭਾਵੀ ਕਦਮ ਚੁੱਕਣ ਲਈ ਕਿਹਾ ਹੈ ਜਿਸ ਨਾਲ ਅੱਤਵਾਦ ਦੇ ਅੱਡਿਆਂ ਨੂੰ ਖਤਮ ਕੀਤਾ ਜਾ ਸਕੇ। ਫੌਜ ਵੱਲੋਂ ਇਸ ਗੱਲ ਦੀ ਸ਼ੰਕਾ ਜਤਾਈ ਗਈ ਕਿ ਪਾਕਿਸਤਾਨ ਵੱਲੋਂ ਅੱਤਵਾਦੀਆਂ ਦੀ ਘੁਸਪੈਠ ਤੇ ਅੱਤਵਾਦੀ ਅੱਡਿਆਂ ਦੀ ਸੁਰੱਖਿਆ ਲਈ ਗੋਲੀਬਾਰੀ ਹੋ ਸਕਦੀ ਹੈ। ਇਸ ਕਾਰਨ ਫੌਜ ਦਾ ਵੀ ਨੁਕਸਾਨ ਹੋ ਸਕਦਾ ਹੈ।
ਇਸ ਪੂਰੀ ਰਣਨੀਤੀ ਦੇ ਸੂਤਰਧਾਰ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਬਾਲ ਨੇ ਪਾਕਿਸਤਾਨ ਸਰਹੱਦ 'ਤੇ ਤਾਇਨਾਤ ਬੀ.ਐਸ.ਐਫ. ਤੇ ਐਲ.ਓ.ਸੀ. 'ਤੇ ਤਾਇਨਾਤ ਫੌਜ ਨੂੰ ਸਾਫ ਅਦੇਸ਼ ਦਿੱਤੇ ਹਨ ਕਿ ਜੇਕਰ ਪਾਕਿਸਤਾਨ ਵੱਲੋਂ ਇੱਕ ਗੋਲੀ ਚਲਾਈ ਜਾਂਦੀ ਹੈ ਤਾਂ ਉਸ ਦਾ ਜਵਾਬ ਦੁੱਗਣੀ ਫਾਇਰਿੰਗ ਕਰਕੇ ਦਿੱਤਾ ਜਾਵੇ। ਜੇਕਰ ਮੋਰਟਾਰ ਸ਼ੈੱਲ ਦਾਗੇ ਜਾਂਦੇ ਹਨ ਤਾਂ ਉਸ ਦੇ ਬਦਲੇ ਆਰਟੀਲਰੀ ਸ਼ੈਲਿੰਗ ਕੀਤੀ ਜਾਵੇ ਤਾਂ ਕਿ ਪਾਕਿਸਤਾਨ ਦੀ ਫਾਰਵਡ ਪੋਸਟ ਤੇ ਉਸ ਦੀ ਆੜ 'ਚ ਚੱਲ ਰਹੇ ਅੱਤਵਾਦੀ ਅੱਡਿਆਂ ਨੂੰ ਖਤਮ ਕੀਤਾ ਜਾ ਸਕੇ।
ਹਾਲਾਂਕਿ, ਸਰਜੀਕਲ ਸਟ੍ਰਾਈਕ ਬਾਰੇ ਰਣਨੀਤੀਕਾਰਾਂ ਦਾ ਕਹਿਣਾ ਹੈ ਕਿ ਭਾਰਤੀ ਫੌਜ ਨੂੰ ਆਪਣਾ ਰਿਸਪਾਂਸ ਟਾਈਮ ਘੱਟ ਕਰਨਾ ਹੋਏਗਾ ਤਾਂਕਿ ਕਿਸੇ ਵੀ ਜਵਾਬੀ ਕਾਰਵਾਈ 'ਚ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕੇ।