ਨਵੀਂ ਦਿੱਲੀ: ਸਿੱਖ ਸਦਭਾਵਨਾ ਦਲ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸਾਰੀਆਂ ਹੀ ਸੀਟਾਂ 'ਤੇ ਚੋਣ ਲੜਨ ਦਾ ਐਲਾਨ ਕੀਤਾ ਹੈ। ਇਸ ਦੇ ਲਈ ਮੁਢਲੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਹ ਐਲਾਨ ਦਿੱਲੀ ਪਹੁੰਚੇ ਸਿੱਖ ਸਦਭਾਵਨਾ ਦਲ ਦੇ ਮੁੱਖ ਸੇਵਾਦਾਰ ਬਲਦੇਵ ਸਿੰਘ ਵਡਾਲਾ ਨੇ ਕੀਤਾ ਹੈ।

ਵਡਾਲਾ ਨੇ ਕਿਹਾ ਕਿ ਸਿੱਖ ਸਦਭਾਵਨਾ ਦਲ ਨੇ ਪਿਛਲੇ ਸਮੇਂ ਪੰਥਕ ਆਗੂਆਂ 'ਚ ਆਈਆਂ ਗਿਰਾਵਟਾਂ ਤੋਂ ਬਾਅਦ ਗੁਰਦੁਆਰਾ ਪ੍ਰਬੰਧ ਸੁਧਾਰ ਦੀ ਲਹਿਰ ਵੀ ਸ਼ੁਰੂ ਕੀਤੀ ਹੋਈ ਹੈ। ਜਿਸ ਨੂੰ ਪੰਜਾਬ ਤੇ ਦੇਸ਼ ਦੇ ਹਰ ਸੂਬੇ ਸਮੇਤ ਵਿਦੇਸ਼ਾਂ 'ਚ ਵਸਦੇ ਸਿੱਖਾਂ ਵਲੋਂ ਭਰਵਾਂ ਸਹਿਯੋਗ ਮਿਲ ਰਿਹਾ ਹੈ। ਉਨਾਂ ਕਿਹਾ ਦੁਨੀਆਂ ਭਰ ਦੇ ਸਿੱਖਾਂ ਨੇ ਇਸ ਲਹਿਰ ਨੂੰ ਕਾਮਯਾਬ ਕਰਨ ਲਈ ਦਲ ਨੂੰ ਹਰ ਮਦਦ ਦੇਣ ਦਾ ਭਰੋਸਾ ਵੀ ਦਿੱਤਾ ਹੈ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ  2017 ਵਿੱਚ ਹੋਣਗੀਆਂ। ਚੋਣਾਂ ਤੋਂ ਪਹਿਲਾਂ ਮੈਦਾਨ 'ਚ ਨਿਤਰਨ ਦੇ ਐਲਾਨ ਦੇ ਨਾਲ ਉਨਾਂ ਦਿੱਲੀ ਵਿੱਚ ਵਸਦੇ ਸਮੂਹ ਸਿੱਖ ਪਰਿਵਾਰਾਂ ਨੂੰ ਅਪੀਲ ਕੀਤੀ ਹੈ, ਕਿ ਆਪਣੇ ਹੱਕ ਦਾ ਇਸਤੇਮਾਲ ਕਰਨ 'ਤੇ ਸਹੀ ਪਾਰਟੀ ਦੀ ਚੋਣ ਕਰਨ ਲਈ ਆਪਣੀਆਂ ਵੋਟਾਂ ਬਨਾਉਣ। ਉਨਾਂ ਸਾਫ ਕੀਤਾ ਕਿ ਇਨਾਂ ਚੋਣਾਂ ਵਿੱਚ ਸਿੱਖ ਸਦਭਾਵਨਾ ਦਲ ਵੱਲੋਂ ਕਿਸੇ ਵੀ ਪਾਰਟੀ ਨਾਲ ਕਿਸੇ ਵੀ ਕੀਮਤ 'ਤੇ ਕੋਈ ਸਮਝੌਤਾ ਨਹੀ ਕੀਤਾ ਜਾਵੇਗਾ। ਪਾਰਟੀ ਦਾ ਮਕਸਦ ਧਰਨੇ, ਮੁਜਾਹਰੇ ਤੇ ਰੈਲੀਆਂ ਰਾਹੀਂ ਗਰਮ ਤੇ ਭੜਕਾਊ ਭਾਸ਼ਣ ਦੇ ਕੇ ਲੋਕਾਂ ਨੂੰ ਉਤੇਜਿਤ ਕਰਨਾ ਨਹੀਂ ਹੈ ਬਲਕਿ ਸ਼ਾਂਤੀਮਈ ਤਰੀਕੇ ਨਾਲ ਇਹ ਲੜਾਈ ਲੜੀ ਜਾਏਗੀ।
ਉਨ੍ਹਾਂ ਕਿਹਾ ਕਿ ਸਾਡਾ ਮਕਸਦ ਲੋਕਤੰਤਰਿਕ ਤਰੀਕੇ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਨੂੰ ਆਮ ਸਿੱਖਾਂ ਤੱਕ ਲੈ ਕੇ ਜਾਣਾ ਹੈ। ਵਡਾਲਾ ਮੁਤਾਬਕ ਉਹ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਵਾਲੀਆਂ ਦਿੱਲੀ ਦੀਆਂ ਸਾਰੀਆਂ ਸਭਾ ਸੁਸਾਇਟੀਆਂ ਤੇ ਐਨ.ਜੀ.ਓ ਨਾਲ ਰਾਬਤਾ ਕਾਇਮ ਕਰਨਗੇ ਤੇ ਉਨਾਂ ਤੋਂ ਸਹਿਯੋਗ ਲੈਣਗੇ ਤਾਂ ਕਿ ਆਉਣ ਵਾਲੀਆਂ ਚੋਣਾਂ ਦੇ ਚੰਗੇ ਨਤੀਜੇ ਆ ਸਕਣ। ਭਾਈ ਵਡਾਲਾ ਨੇ ਇਹ ਵੀ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਪੂਰਨ ਗੁਰਸਿੱਖੀ ਪਰਿਵਾਰਾਂ ਵਾਲੇ ਮੈਂਬਰਾਂ ਨੂੰ ਹੀ ਉਮੀਦਵਾਰ ਬਣਾਇਆ ਜਾਵੇਗਾ।

ਸਿੱਖ ਸਦਭਾਵਨਾ ਦਲ ਦਾ ਇਹ ਮਾਟੋ ਹੈ :-

'ਕਲਗੀਧਰ ਦੇ ਪੁੱਤਰ ਤੇ ਧੀਓ
ਇੱਕ ਦੂਜੇ  ਦੇ  ਹੋ  ਕੇ ਜੀਓ,
ਅੰਮ੍ਰਿਤਧਾਰੀ ਹੋ ਕੇ ਜੀਓ' ।