ਮਹਾਂਅੰਦੋਲਨ ਨੇ ਉਡਾਈ ਸਰਕਾਰ ਦੀ ਨੀਂਦ
ਏਬੀਪੀ ਸਾਂਝਾ | 17 Sep 2016 01:43 PM (IST)
ਮੁੰਬਈ: ਮਹਾਂਰਾਸ਼ਟਰ 'ਚ ਮਰਾਠਾ ਅੰਦੋਲਨ ਇੱਕ ਵਾਰ ਫਿਰ ਜੋਰ ਫੜ ਰਿਹਾ ਹੈ। ਕਈ ਜਿਲਿਆਂ 'ਚ ਮਹਾਂਅੰਦੋਲਨ ਦੀ ਸ਼ੁਰੂਆਤ ਹੋ ਚੁੱਕੀ ਹੈ। ਲੱਖਾਂ ਦੀ ਗਿਣਤੀ 'ਚ ਨਿੱਕਲੇ ਅੰਦੋਲਨਕਾਰੀਆਂ ਦੀ ਭੀੜ ਨੇ ਰਾਜਨੀਤਕ ਪਾਰਟੀਆਂ ਦੇ ਹੋਸ਼ ਉਡਾ ਦਿੱਤੇ ਹਨ। ਇਸ ਅੰਦੋਲਨ ਦੀ ਚਿੰਗਾਰੀ ਇੱਕ ਨਬਾਲਗ ਮਰਾਠਾ ਕੁੜੀ ਦੇ ਰੇਪ ਤੇ ਕਤਲ ਤੋਂ ਬਾਅਦ ਭੜਕੀ ਹੈ। ਮਾਮਲੇ 'ਚ ਮੁਲਜ਼ਮ ਦਲਿਤ ਸਮਾਜ ਦੇ ਹਨ। ਅਜਿਹੇ 'ਚ ਇਨਸਾਫ ਲਈ ਮਰਾਠਾ ਸੜਕਾਂ 'ਤੇ ਹਨ। ਦਰਅਸਲ ਇੱਕ ਸਮੇਂ ਦੇਸ਼ ਦੇ ਵੱਡੇ ਹਿੱਸੇ 'ਤੇ ਮਰਾਠਾ ਰਾਜ ਕਰਦੇ ਸਨ। ਇਹ ਰਾਜ ਚਲਾਏ ਜਾਂਦੇ ਸਨ ਮਹਾਂਰਾਸ਼ਟਰ ਤੋਂ, ਇਹ ਮਰਾਠਾ ਮਹਾਂਰਾਸ਼ਟਰ ਦੀ ਪਹਿਚਾਣ ਹਨ। ਪਰ ਇਹੀ ਮਰਾਠਾ ਹੁਣ ਲੱਖਾਂ ਦੀ ਗਿਣਤੀ 'ਚ ਸੜਕਾਂ 'ਤੇ ਉੱਤਰ ਆਏ ਹਨ। ਇਸ ਕਾਰਨ ਮਹਾਂਰਾਸ਼ਟਰ ਦੀ ਰਾਜਨੀਤੀ 'ਚ ਭੁਚਾਲ ਲਿਆਉਣ ਵਾਲੀ ਸਥਿਤੀ ਹੈ। ਮੁੰਬਈ ਤੋਂ ਦੂਰ ਮਹਾਂਰਾਸ਼ਟਰ ਦੇ ਜਿਲਿਆਂ 'ਚ ਲੱਖਾਂ ਦੀ ਗਿਣਤੀ ਮਰਾਠਾ ਸੜਕਾਂ 'ਤੇ ਉੱਤਰ ਰਹੇ ਹਨ, ਇਹਨਾਂ 'ਚ ਵੱਡੀ ਗਿਣਤੀ ਔਰਤਾਂ ਤੇ ਸਕੂਲੀ ਵਿਦਿਆਰਥਣਾ ਦੀ ਵੀ ਹੈ। ਇਹਨਾਂ ਨੂੰ ਮਰਾਠਾ ਸਮਾਜ ਦੇ ਨੌਜਵਾਨ ਤੇ ਬਜੁਰਗਾਂ ਦਾ ਵੀ ਸਾਥ ਹੈ। ਜਲਗਾਂਵ 'ਚ ਹੋਏ ਅੰਦੋਲਨ 'ਚ ਲੱਖਾਂ ਦੀ ਭੀੜ ਜੁਟੀ ਸੀ। ਮਹਾਂਰਾਸ਼ਟਰ 'ਚ ਸਭ ਤੋਂ ਪਹਿਲਾ ਮਰਾਠਾਵਾਂ ਦਾ ਮੋਰਚਾ ਮਰਾਠਵਾੜਾ ਦੇ ਔਰੰਗਾਬਾਦ 'ਚ ਨਿੱਕਲਿਆ। ਹੁਣ ਇਹ ਅੰਦੋਲਨ ਦੀ ਅੱਗ ਪੂਰੇ ਸੂਬੇ 'ਚ ਫੈਲ ਗਈ ਹੈ। ਇਹ ਸਮਾਜ ਅਹਿਮਦਨਗਰ ਜਿਲੇ ਦੇ ਕੋਪਰਡੀ 'ਚ ਇੱਕ ਮਰਾਠਾ ਸਮਾਜ ਦੀ ਨਬਾਲਗ ਕੁੜੀ ਨਾਲ ਬਲਾਤਕਾਰ ਤੇ ਕਤਲ ਦੀ ਘਟਨਾ ਦਾ ਵਿਰੋਧ ਕਰ ਰਿਹਾ ਹੈ। ਇਸ ਮਾਮਲੇ 'ਚ ਮੁਲਜ਼ਮ ਦਲਿਤ ਸਮਾਜ ਦੇ ਹਨ। ਇਹਨਾਂ ਦੀ ਪਹਿਲੀ ਮੰਗ ਹੈ ਹੈ ਕੋਪਰਡੀ ਬਲਾਤਕਾਰ ਤੇ ਕਤਲ ਦੇ ਮੁਲਜ਼ਮਾਂ ਨੂੰ ਫਾਂਸੀ ਦਿੱਤੀ ਜਾਵੇ। ਦੂਸਰੀ ਮੰਗ ਹੈ ਕਿ ਏਟਰਾਸੀਟੀ ਕਾਨੂੰਨ ਰੱਦ ਕੀਤਾ ਜਾਵੇ। ਇਸ ਦੇ ਨਾਲ ਹੀ ਤੀਸਰੀ ਮੰਗ ਹੈ ਕਿ ਮਰਾਠਾ ਸਮਾਜ ਨੂੰ ਸਿੱਖਿਆ ਤੇ ਨੌਕਰੀਆਂ 'ਚ ਰਾਖਵਾਂਕਰਨ ਦਿੱਤਾ ਜਾਵੇ।