ਵਿਦੇਸ਼ ਦੌਰੇ 'ਤੇ ਜਾ ਕਸੂਤੇ ਫਸੇ ਮਨੀਸ਼ ਸਿਸੋਦੀਆ
ਏਬੀਪੀ ਸਾਂਝਾ | 17 Sep 2016 10:52 AM (IST)
ਨਵੀਂ ਦਿੱਲੀ: ਦਿੱਲੀ 'ਚ ਡੇਂਗੂ ਤੇ ਚਿਕਨਗੁਨੀਆ ਦਾ ਕਹਿਰ ਜਾਰੀ ਹੈ। ਹੁਣ ਤੱਕ ਇਸ ਬਿਮਾਰੀ ਨਾਲ 30 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਕਰੀਬ 3000 ਲੋਕ ਇਹਨਾਂ ਬਿਮਾਰੀਆਂ ਤੋਂ ਪੀੜਤ ਹਨ। ਪਰ ਇਸ ਦੌਰਾਨ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਫਿਨਲੈਂਡ ਦੇ ਦੌਰੇ 'ਤੇ ਹਨ। ਇੱਥੇ ਮਨੀਸ਼ ਸਿਸੋਦੀਆ ਦੀਆਂ ਕੁੱਝ ਤਸਵੀਰਾਂ ਵਾਇਰਲ ਹੋਈਆਂ ਹਨ, ਜਿੰਨਾਂ 'ਚ ਉਹ ਵੱਖ ਵੱਖ ਥਾਵਾਂ 'ਤੇ ਘੁੰਮਦੇ ਨਜਰ ਆ ਰਹੇ ਹਨ। ਸੂਤਰਾਂ ਮੁਤਾਬਕ ਖਬਰ ਹੈ ਕਿ ਦਿੱਲੀ ਦੇ ਉਪ ਰਾਜਪਾਲ ਨੇ ਸਿਸੋਦੀਆ ਨੂੰ ਵਾਪਸ ਆਉਣ ਦੇ ਹੁਕਮ ਦਿੱਤੇ ਹਨ। ਦਰਅਸਲ ਮੁੱਖ ਮੰਤਰੀ ਕੇਜਰੀਵਾਲ ਬੈਂਗਲੂਰੂ 'ਚ ਆਪਣਾ ਇਲਾਜ ਕਰਵਾ ਰਹੇ ਹਨ। ਇਸ ਤੋਂ ਇਲਾਵਾ ਕਈ ਹੋਰ ਮੰਤਰੀ ਸੂਬੇ ਤੋਂ ਬਾਹਰ ਹਨ। ਅਜਿਹੇ 'ਚ ਦਿੱਲੀ ਦੇ ਵਿਗੜੇ ਹਲਾਤਾਂ ਦੀ ਜਿੰਮੇਵਾਰੀ ਸੰਭਾਲਣ ਵਾਲਾ ਕੋਈ ਨਜਰ ਨਹੀਂ ਆ ਰਿਹਾ। ਹਾਲਾਂਕਿ ਖਬਰ ਹੈ ਕਿ ਮਨੀਸ਼ ਸਿਸੌਦੀਆ ਨੇਐੱਲ. ਜੀ ਦਾ ਹੁਕਮ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਸਿਸੌਦੀਆ ਨੇ ਫਿਨਲੈਂਡ 'ਚ ਕਿਸੇ ਤਰ੍ਹਾਂ ਦਾ ਟੂਰ ਮਨਾਉਣ ਤੋਂ ਇਨਕਾਰ ਕਰਦੇ ਹੋਏ ਕੁਝ ਤਸਵੀਰਾਂ ਵੀ ਟਵੀਟਰ 'ਤੇ ਸ਼ੇਅਰ ਕੀਤੀਆਂ ਹਨ। ਉਨ੍ਹਾਂ ਦਾਅਵਾ ਕੀਤਾ ਹੈ ਕਿ ਜਿਸ ਕੰਮ ਲਈ ਉਹ ਗਏ ਹਨ, ਉਹੀ ਕਰ ਰਹੇ ਹਨ। ਦਿੱਲੀ 'ਚ ਵਿਰੋਧੀ ਧਿਰ ਬੀਜੇਪੀ ਤੇ ਕਾਂਗਰਸ ਵੱਲੋਂ ਵੀ ਇਸ ਮੁੱਦੇ ਨੂੰ ਖੂਬ ਹਵਾ ਦਿੱਤੀ ਜਾ ਰਹੀ ਹੈ। ਕਾਂਗਰਸ ਵਰਕਰਾਂ ਨੇ ਸ਼ੁੱਕਰਵਾਰ ਨੂੰ ਦਿੱਲੀ 'ਚ ਭਗੌੜਾ ਦਿਵਸ ਮਨਾਇਆ। ਉਹ ਮੁੱਖ-ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੇ ਮੰਤਰੀਆਂ ਦੀ ਦਿੱਲੀ 'ਚ ਕਥਿਤ ਗੈਰ-ਹਾਜ਼ਰੀ ਦਾ ਵਿਰੋਧ ਕਰ ਰਹੇ ਹਨ। ਦਿੱਲੀ ਚਿਕਨਗੁਨੀਆ ਅਤੇ ਡੇਂਗੂ ਦੇ ਪ੍ਰਕੋਪ ਦੀ ਲਪੇਟ 'ਚ ਹੈ। ਇੱਥੋਂ ਦੇ ਸਾਰੇ 70 ਵਿਧਾਨਸਭਾ ਖੇਤਰਾਂ 'ਚ ਹੋਏ ਪ੍ਰਦਰਸ਼ਨ ਦੀ ਅਗਵਾਈ ਕਰਦੇ ਹੋਏ ਦਿੱਲੀ ਕਾਂਗਰਸ ਪ੍ਰਧਾਨ ਅਜੇ ਮਾਕਨ ਨੇ ਸੰਕਟ ਸਮੇਂ ਲੋਕਾਂ ਦੀ ਮਦਦ ਕਰਨ ਦੀ ਬਜਾਏ ਸ਼ਹਿਰ ਤੋਂ ਬਾਹਰ ਹੋਣ ਨੂੰ ਲੈ ਕੇ ਦਿੱਲੀ ਦੀ 'ਆਪ' ਸਰਕਾਰ 'ਤੇ ਹਮਲਾ ਬੋਲਿਆ ਹੈ।