ਅਹਿਮਦਾਬਾਦ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਅੱਜ 67ਵਾਂ ਜਨਮਦਿਨ ਹੈ। ਬੀਜੇਪੀ ਅੱਜ ਦੇ ਦਿਨ ਨੂੰ 'ਸੇਵਾ ਦਿਵਸ' ਵਜੋਂ ਮਨਾ ਰਹੀ ਹੈ। ਮੋਦੀ ਨੇ ਅੱਜ ਸਵੇਰੇ 7 ਵਜੇ ਆਪਣੀ ਮਾਂ ਨਾਲ ਮਿਲ ਕੇ ਉਨ੍ਹਾਂ ਦਾ ਆਸ਼ਿਰਵਾਦ ਲਿਆ। ਗਾਂਧੀ ਨਗਰ 'ਚ ਆਪਣੇ ਭਰਾ ਦੇ ਘਰ ਮਾਂ ਨੂੰ ਮਿਲਣ ਲਈ ਉਹ ਬਿਨਾਂ ਕਿਸੇ ਖਾਸ ਸੁਰੱਖਿਆ ਜਾਂ ਲਾਮ ਲਸ਼ਕਰ ਦੇ ਪਹੁੰਚੇ ਸਨ। ਇਸ ਤੋਂ ਬਾਅਦ ਉਨ੍ਹਾਂ ਟਵੀਟ ਕਰ ਕਿਹਾ, "ਮਾਂ ਦੀ ਮਮਤਾ, ਮਾਂ ਦਾ ਆਸ਼ਿਰਵਾਦ ਜੀਵਨ ਤਿਉਣ ਦੀ ਜੜੀ ਬੂਟੀ ਹੁੰਦਾ ਹੈ।" ਅੱਜ ਮੋਦੀ ਗੁਜਰਾਤ 'ਚ ਰਹਿਣਗੇ, ਇੱਥੇ ਉਹ ਕਈ ਪ੍ਰੋਗਰਾਮਾਂ 'ਚ ਹਿੱਸਾ ਲੈ ਰਹੇ ਹਨ।
ਪੀਐਮ ਮੋਦੀ 11.30 ਵਜੇ ਗੁਜਰਾਤ ਦੇ ਦਾਹੋਦ ਕਸਬੇ 'ਚ ਜਾਣਗੇ, ਜਿੱਥੇ ਇੱਕ ਸਿੰਚਾਈ ਯੋਜਨਾ ਦਾ ਉਦਘਾਟਨ ਕਰਨਗੇ। ਦਾਹੋਦ ਦੌਰੇ ਤੋਂ ਬਾਅਦ ਉਹ ਨਵਸਾਰੀ ਜਾਣਗੇ ਤੇ 11 ਹਜ਼ਾਰ ਤੋਂ ਵਧੇਰੇ ਅਪਾਹਜ ਵਿਅਕਤੀਆਂ ਨੂੰ ਉਪਕਰਨ ਵੰਡਣਗੇ। ਜ਼ਿਕਰਯੋਗ ਹੈ ਕਿ ਇਸ ਸਾਲ 15 ਅਗਸਤ ਤੋਂ ਬਾਅਦ ਮੋਦੀ ਦਾ ਗੁਜਰਾਤ ਦਾ ਇਹ ਤੀਜਾ ਦੌਰਾ ਹੈ। ਪ੍ਰਧਾਨ ਮੰਤਰੀ ਦੇ ਜਨਮ ਦਿਨ ਮੌਕੇ ਨਵਸਾਰੀ ਚ ਕਈ ਰਿਕਾਰਡ ਟੁੱਟਣਗੇ। ਪਹਿਲਾ ਰਿਕਾਰਡ ਤਾਂ ਇਹ ਹੋਵੇਗਾ ਜਦ ਇੱਕ ਹਜ਼ਾਰ ਅਪਾਹਜ ਵਿਅਕਤੀ ਇਕੱਠੇ ਦੀਵੇ ਜਗਾਉਣਗੇ। ਇਸ ਮਗਰੋਂ 1000 ਵ੍ਹੀਲ ਚੇਅਰਜ਼ ਨਾਲ ਇੱਕ ਖਾਸ ਆਕਾਰ ਬਣਾਇਆ ਜਾਵੇਗਾ, ਜੋ ਇੱਕ ਵਿਸ਼ਵ ਰਿਕਾਰਡ ਬਣੇਗਾ।
ਦੱਸਿਆ ਜਾ ਰਿਹਾ ਹੈ ਕਿ ਸੂਰਤ ਵਿਚ ਉਨ੍ਹਾਂ ਦੇ ਜਨਮ ਦਿਨ ਦੀ ਖਾਸ ਤਿਆਰੀ ਚੱਲ ਰਹੀ ਹੈ। ਅਤੁਲ ਬੇਕਰੀ ਅਤੇ ਸ਼ਕਤੀ ਫਾਊਂਡੇਸ਼ਨ ਵੱਲੋਂ ਸਭ ਤੋਂ ਵੱਡੇ ਆਕਾਰ ਦਾ ਕੇਕ ਬਣਾਇਆ ਜਾ ਰਿਹਾ ਹੈ। ਅੱਜ ਪੋਲੈਂਡ ਦੇ ਸਭ ਤੋਂ ਵੱਡੇ ਆਕਾਰ ਦੇ ਕੇਕ ਦਾ ਰਿਕਾਰਡ ਟੁੱਟਣ ਜਾ ਰਿਹਾ ਹੈ। ਮੋਦੀ ਲਈ 9 ਫੁੱਟ ਉੱਚੇ ਅਤੇ 4 ਹਜ਼ਾਰ ਕਿਲੋ ਦੇ ਪਿਰਾਮਿਡ ਦੇ ਆਕਾਰ ਦਾ ਕੇਕ ਬਣਾਇਆ ਜਾ ਰਿਹਾ ਹੈ।