ਨਵੀਂ ਦਿੱਲੀ : ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਦੇ 71 ਵੇਂ ਸੈਸ਼ਨ ਵਿੱਚ ਇੱਕ ਵਾਰ ਫਿਰ ਤੋਂ ਭਾਰਤ-ਪਾਕਿਸਤਾਨ ਦਾ ਟਾਕਰਾ ਹੋਵੇਗਾ। ਭਾਰਤ ਦੀ ਪ੍ਰਤੀਨਿਧਤਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਕਰਨਗੇ ਜਦੋਂਕਿ ਦੂਜੇ ਪਾਸੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਹੋਣਗੇ। ਮੀਡੀਆ ਰਿਪੋਰਟ ਅਨੁਸਾਰ ਯੂ ਐਨ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ 21 ਸਤੰਬਰ ਨੂੰ ਆਪਣਾ ਭਾਸ਼ਣ ਦੇਣਗੇ ਜਦੋਂਕਿ 26 ਸਤੰਬਰ ਨੂੰ ਸੁਸ਼ਮਾ ਸਵਰਾਜ ਦਾ ਭਾਸਣ ਹੋਵੇਗਾ। ਜਿੱਥੇ ਇੱਕ ਪਾਸੇ ਪਾਕਿਸਤਾਨ ਕਸ਼ਮੀਰ ਮੁੱਦੇ ਉੱਤੇ ਜ਼ੋਰ ਦੇਵੇਗਾ ਉੱਥੇ ਹੀ ਬਲੋਚਿਸਤਾਨ ਦਾ ਮੁੱਦਾ ਭਾਰਤ ਵੱਲੋਂ ਚੁੱਕਿਆ ਜਾਵੇਗਾ। ਭਾਰਤ ਪਹਿਲਾਂ ਹੀ ਬਲੋਚਿਸਤਾਨ ਦਾ ਮੁੱਦਾ ਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰੀ ਕੌਂਸਲ ਵਿੱਚ ਉਠਾ ਚੁੱਕਾ ਹੈ। ਮੀਡੀਆ ਰਿਪੋਰਟ ਅਨੁਸਾਰ ਅਮਰੀਕਾ ਰਵਾਨਾ ਹੋਣ ਤੋਂ ਪਹਿਲਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਹੁਰੀਅਤ ਦੇ ਆਗੂਆਂ ਨਾਲ ਮੁਲਾਕਾਤ ਕਰ ਚੁੱਕੇ ਹਨ।ਸ਼ਰੀਫ਼ ਨੇ ਹੁਰੀਅਤ ਦੇ ਆਗੂਆਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਸੰਯੁਕਤ ਰਾਸ਼ਟਰ ਵਿੱਚ ਕਸ਼ਮੀਰ ਮੁੱਦਾ ਚੁੱਕਣਗੇ।