ਕਾਨਪੁਰ: ਮਹਿਲਾ ਜੱਜ ਪ੍ਰਤਿਭਾ ਗੌਤਮ ਦੀ ਮੌਤ ਮਾਮਲੇ 'ਚ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ। ਪੁਲਿਸ ਮੁਤਾਬਕ ਇਹ ਖੁਦਕੁਸ਼ੀ ਨਹੀਂ ਕਤਲ ਹੈ ਤੇ ਕਾਤਲ ਵੀ ਕੋਈ ਹੋਰ ਨਹੀਂ ਖੁਦ ਮਹਿਲਾ ਜੱਜ ਦਾ ਪਤੀ ਹੀ ਹੈ। ਜਿਸ ਨਾਲ ਮਹਿਜ਼ ਕੁੱਝ ਮਹੀਨੇ ਪਹਿਲਾਂ ਉਸ ਨੇ ਲਵ ਮੈਰਿਜ ਕਰਵਾਈ ਸੀ। ਮ੍ਰਿਤਕ ਦੇ ਪਤੀ ਨੇ ਹੀ ਕਾਨਪੁਰ ਪੁਲਿਸ ਨੂੰ ਦੱਸਿਆ ਸੀ ਕਿ ਉਸ ਦੀ ਪਤਨੀ ਕਾਨਪੁਰ ਦੀ ਜੁਆਇੰਟ ਮੈਜਿਸਟਰੇਟ ਨੇ ਆਪਣੇ ਘਰ ‘ਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ।
ਪੁਲਿਸ ਮੁਤਾਬਕ ਜਦ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਤਾਂ ਹਾਲਾਤ ਕੁੱਝ ਹੋਰ ਹੀ ਕਹਾਣੀ ਬਿਆਨ ਕਰ ਰਹੇ ਸਨ। ਮ੍ਰਿਤਕ ਪ੍ਰਤਿਭਾ ਦੇ ਸਰੀਰ ’ਤੇ ਸੱਟਾਂ ਦੇ ਕੁੱਝ ਨਿਸ਼ਾਨ ਵੀ ਮਿਲੇ ਸਨ। ਅਜਿਹੇ ‘ਚ ਪੁਲਿਸ ਵੱਲੋਂ ਸ਼ੱਕ ਦੇ ਅਧਾਰ 'ਤੇ ਉਸ ਦੇ ਪਤੀ ਮਨੂ ਅਭਿਸ਼ੇਕ ਅਤੇ ਹੋਰ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਗਈ ਸੀ। ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਾ ਕਿ ਪ੍ਰਤਿਭਾ ਕੁੱਝ ਮਹੀਨੇ ਦੀ ਗਰਭਵਤੀ ਸੀ। ਪਰ ਉਸ ਦਾ ਪਤੀ ਅਬਾਰਸ਼ਨ ਕਰਵਾਉਣ ਲਈ ਮਜਬੂਰ ਕਰ ਰਿਹਾ ਸੀ। ਇਸ ਦੇ ਚੱਲਦੇ ਦੋਨਾਂ 'ਚ ਕਾਫੀ ਕਲੇਸ਼ ਰਹਿੰਦਾ ਸੀ। ਇਸੇ ਦੇ ਚੱਲਦੇ ਹੀ ਅਭਿਸ਼ੇਕ ਨੇ ਪ੍ਰਤਿਭਾ ਦਾ ਕਤਲ ਕਰ ਦਿੱਤਾ ਤੇ ਕਤਲ ਮਗਰੋਂ ਉਸ ਨੂੰ ਖੁਦਕੁਸ਼ੀ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ। ਪ੍ਰਤਿਭਾ ਗੌਤਮ ਜੁਆਇੰਟ ਮੈਜਿਸਟਰੇਟ ਦੀ ਉਸ ਦੀ ਲਾਸ਼ ਸਰਕਟ ਕਲੋਨੀ ਵਿਚਲੇ ਉਸ ਦੇ ਘਰ ਅੰਦਰ ਲਟਕਦੀ ਮਿਲੀ ਸੀ। ਮਨੂ ਅਭਿਸ਼ੇਕ ਨੇ ਕਿਹਾ ਸੀ ਕਿ ਜਦ ਘਰ ਆਇਆ ਤਾਂ ਉਸ ਨੇ ਲਾਸ਼ ਲਟਕਦੀ ਦੇਖੀ। ਇਸ ‘ਤੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ। ਜਾਣਕਾਰੀ ਮਿਲਦਿਆਂ ਹੀ ਪੁਲਿਸ ਦੇ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚੇ ਤੇ ਜਾਂਚ ਸ਼ੁਰੂ ਕੀਤੀ ਸੀ।