ਲਖਨਊ: ਮੁਲਾਇਮ ਦੇ ਪਰਿਵਾਰ ਦਾ ਝਗੜਾ ਹੋਰ ਵਧਦਾ ਜਾ ਰਿਹਾ ਹੈ। ਮੁੱਖ ਮੰਤਰੀ ਅਖਿਲੇਸ਼ ਯਾਦਵ ਨਾਲ ਵਿਵਾਦਾਂ ਦਰਮਿਆਨ ਚਾਚਾ ਸ਼ਿਵਪਾਲ ਯਾਦਵ ਨੇ ਮੰਤਰੀ ਅਹੁਦੇ ਅਤੇ ਸੂਬਾ ਪ੍ਰਧਾਨਗੀ ਦੇ ਅਹੁਦੇ ਤੋਂ ਆਪਣਾ ਅਸਤੀਫਾ ਦੇ ਦਿੱਤਾ ਹੈ। ਸ਼ਿਵਪਾਲ ਨੇ ਪਾਰਟੀ ਸੁਪਰੀਮੋ ਮੁਲਾਇਮ ਸਿੰਘ ਯਾਦਵ ਨੂੰ ਆਪਣੇ ਅਸਤੀਫਾ ਭੇਜਿਆ ਹੈ। ਹਾਲਾਂਕਿ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਸ਼ਿਵਪਾਲ ਦਾ ਅਸਤੀਫਾ ਨਾਮੰਨਜ਼ੂਰ ਕਰ ਦਿੱਤਾ ਹੈ।


ਉਨ੍ਹਾਂ ਕੱਲ੍ਹ ਮੁਲਾਇਮ ਨਾਲ ਮੁਲਾਕਾਤ ਵੀ ਕੀਤੀ ਸੀ। ਹਾਲਾਂਕਿ ਇਸ ਮੁਲਾਕਾਤ ਤੋਂ ਵੀ ਕੋਈ ਸਿੱਟਾ ਨਹੀਂ ਨਿੱਕਲ ਸਕਿਆ। ਇਸ ਮੁਲਾਕਾਤ ਤੋਂ ਬਾਅਦ ਹੀ ਸ਼ਿਵਪਾਲ ਤੇ ਉਨ੍ਹਾਂ ਦੇ ਪਰਿਵਾਰ ਨੇ ਆਪਣੇ ਅਹੁਦਿਆਂ ਤੋਂ ਅਸਤੀਫੇ ਦਿੱਤੇ ਹਨ। ਇਹਨਾਂ ਅਸਤੀਫਿਆਂ 'ਤੇ ਉਨ੍ਹਾਂ ਕਿਹਾ ਕਿ ਇਹ ਮੇਰੇ ਸਨਮਾਨ ਦੀ ਲੜਾਈ ਹੈ। ਪਰ ਸ਼ਿਵਪਾਲ ਨੇ ਇਸ ਅਸਤੀਫੇ ਦੀ ਖਬਰ ਤੋਂ ਇਨਕਾਰ ਕੀਤਾ ਹੈ।

ਦੂਜੇ ਪਾਸੇ ਚਾਚਾ ਰਾਮ ਗੋਪਾਲ ਨੇ ਅਖਿਲੇਸ਼ ਯਾਦਵ ਦੇ ਹੱਕ ਚ ਬੋਲਦਿਆਂ ਇਸ ਪੂਰੇ ਵਿਵਾਦ ਲਈ ਅਮਰ ਸਿੰਘ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਕੁੱਝ ਗਲਤਫਹਿਮੀਆਂ ਕਾਰਨ ਮਤਭੇਦ ਪੈਦਾ ਹੋ ਗਏ ਹਨ। ਕੈਬਨਿਟ ਮੰਤਰੀ ਆਜ਼ਮ ਖਾਨ ਨੇ ਅਮਰ ਸਿੰਘ ਦਾ ਨਾਂ ਲਏ ਬਗੈਰ ਕਿਹਾ ਕਿ ਜੇ ਮੁੱਖ ਮੰਤਰੀ ਕਿਸੇ ਬਾਹਰੀ ਵਿਅਕਤੀ ਖਿਲਾਫ ਦੋਸ਼ ਲਾ ਰਹੇ ਹਨ ਤਾਂ ਉਹ ਠੀਕ ਕਹਿ ਰਹੇ ਹਨ। ਪਾਰਟੀ ਦੇ ਰਾਜ ਸਭਾ ਮੈਂਬਰ ਨਰੇਸ਼ ਅਗਰਵਾਲ ਨੇ ਕਿਹਾ ਕਿ ਜੇਕਰ ਪਾਰਟੀ ਵਿੱਚ ਕੋਈ ਬਾਹਰੀ ਵਿਅਕਤੀ ਦਖ਼ਲ ਦੇ ਰਿਹਾ ਹੈ ਤਾਂ ਉਸ ਨੂੰ ਰੋਕਣਾ ਚਾਹੀਦਾ ਹੈ।