ਨਵੀਂ ਦਿੱਲੀ: ਆਈਐਸ ਦੀ ਕੈਦ 'ਚੋਂ 4 ਭਾਰਤੀਆਂ ਨੂੰ ਰਿਹਾਅ ਕਰਵਾ ਲਿਆ ਗਿਆ ਹੈ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਟਵੀਟ ਕਰ ਜਾਣਕਾਰੀ ਦਿੱਤੀ ਹੈ। ਇਹ ਲੋਕ ਨਾਰਥ ਲੀਬੀਆ ਦੇ ਸਿਰਤੇ ਯੂਨੀਵਰਸਿਟੀ 'ਚ ਪੜ੍ਹਾਉਂਦੇ ਸਨ। ਅਜਿਹੀ ਸ਼ੰਕਾ ਜਤਾਈ ਗਈ ਸੀ ਕਿ ਲੀਬੀਆ 'ਚ ਜੁਲਾਈ 2015 'ਚ ਦੋ ਅਧਿਆਪਕਾਂ ਸਮੇਤ 4 ਲੋਕਾਂ ਨੂੰ ਆਈਐਸ ਨੇ ਅਗਵਾ ਕੀਤਾ ਸੀ।
ਇਨ੍ਹਾਂ ਨੂੰ ਲੀਬੀਆ 'ਚ ਉਸ ਵੇਲੇ ਅਗਵਾ ਕੀਤਾ ਗਿਆ ਸੀ, ਜਦ ਉਹ ਤ੍ਰਿਪੋਲੀ ਏਅਰਪੋਰਟ ਜਾ ਰਹੇ ਸਨ। ਇਨ੍ਹਾਂ 'ਚ ਟੀ. ਗੋਪਾਲ ਕ੍ਰਿਸ਼ਨਨ ਆਂਧਰ ਪ੍ਰਦੇਸ਼ ਤੋਂ, ਸੀ. ਬਲਰਾਮ ਕ੍ਰਿਸ਼ਨ ਤੇਲੰਗਾਨਾ ਤੇ ਲਕਸ਼ਮੀਕਾਂਤ ਰਾਮ ਕ੍ਰਿਸ਼ਨਨ, ਐਮ. ਵਿਜੇ ਕੁਮਾਰ ਦੋਵੇਂ ਕਰਨਾਟਕ ਦੇ ਰਹਿਣ ਵਾਲੇ ਹਨ। ਕੱਲ੍ਹ ਐਮ ਬਾਲ ਕ੍ਰਿਸ਼ਨਨ ਨੇ ਆਪਣੀ ਪਤਨੀ ਨੂੰ ਹੈਦਰਾਬਾਦ ਫੋਨ ਕਰ ਕੇ ਦੱਸਿਆ ਕਿ ਉਹ ਠੀਕ ਠਾਕ ਹੈ। ਉਸ ਨੇ ਦੱਸਿਆ ਹੈ ਕਿ ਲੀਬੀਅਨ ਆਰਮੀ ਨੇ ਉਨ੍ਹਾਂ ਨੂੰ ਰੈਸਕਿਊ ਕੀਤਾ ਹੈ।
ਜ਼ਿਕਰਯੋਗ ਹੈ ਕਿ ਬਾਲ ਕ੍ਰਿਸ਼ਨਨ ਉਨ੍ਹਾਂ ਲੋਕਾਂ 'ਚੋਂ ਇੱਕ ਸੀ, ਜਿਨ੍ਹਾਂ ਨੂੰ 2014 'ਚ ਲੀਬੀਆ ਤੋਂ ਏਅਰਲਿਫਟ ਕੀਤਾ ਗਿਆ ਸੀ। ਬਾਅਦ 'ਚ ਕਾਲਜ ਖੁੱਲਣ ਤੋਂ ਬਾਅਦ ਉਹ ਦੁਬਾਰਾ ਲੀਬੀਆ ਚਲੇ ਗਏ ਸਨ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਟਵੀਟਰ 'ਤੇ ਲਿਖਿਆ, "ਮੈਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਆਂਧਰ ਪ੍ਰਦੇਸ਼ ਦੇ ਟੀ ਗੋਪਾਲ ਕ੍ਰਿਸ਼ਨਨ ਤੇ ਤੇਲੰਗਾਨਾ ਦੇ ਸੀ ਬਲਰਾਮ ਕ੍ਰਿਸ਼ਨ ਨੂੰ ਰਿਹਾਅ ਕਰਾ ਲਿਆ ਗਿਆ ਹੈ। ਉਨ੍ਹਾਂ ਨੂੰ 29 ਜੁਲਾਈ 2015 ਨੂੰ ਅਗਵਾ ਕੀਤਾ ਗਿਆ ਸੀ।"